‘ਆਪ’ ਆਗੂ ਸਨੀ ਸਿੰਘ ਅਹਲੂਵਾਲੀਆ ਵੱਲੋਂ ED ਦੇ 4 ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ

Top Trending News ਪੰਜਾਬ
  • ‘ਆਪ’ ਆਗੂ ਸਨੀ ਸਿੰਘ ਅਹਲੂਵਾਲੀਆ ਵੱਲੋਂ ED ਦੇ 4 ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ

ਚੰਡੀਗੜ੍ਹ: 17 ਅਕਤੂਬਰ (ਦੇਸ਼ ਕਲਿੱਕ ਬਿਊਰੋ): ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਅਹਲੂਵਾਲੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚਾਰ ਸੀਨੀਅਰ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ 23 ਸਤੰਬਰ 2026 ਨੂੰ ਚੰਡੀਗੜ੍ਹ ਦੇ ਸੈਕਟਰ-39ਏ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੀ ਗ਼ਲਤ ਤਰੀਕੇ ਨਾਲ ਤਲਾਸ਼ੀ ਲਈ ਗਈ ਸੀ। ਇਹ ਸ਼ਿਕਾਇਤ ਧਨ ਸ਼ੋਧਨ ਰੋਕਥਾਮ ਕਾਨੂੰਨ (PMLA) ਦੀ ਧਾਰਾ 62 ਤਹਿਤ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।

ਅਪ੍ਰੈਲ 2025 ਵਿੱਚ ਅਲਾਟ ਹੋਇਆ ਸੀ ਮਕਾਨ
ਆਪਣੇ ਵਕੀਲ ਗਿੰਨੀਜੀਤ ਮਲਹੋਤਰਾ ਰਾਹੀਂ ਦਾਇਰ ਸ਼ਿਕਾਇਤ ਵਿੱਚ ਅਹਲੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ 17 ਅਪ੍ਰੈਲ 2025 ਦੇ ਹੁਕਮਾਂ ਤਹਿਤ ਉਨ੍ਹਾਂ ਨੂੰ ਮਕਾਨ ਨੰਬਰ 926 ਅਲਾਟ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ED ਨੇ 23 ਸਤੰਬਰ 2026 ਨੂੰ ਤਲਾਸ਼ੀ ਲਈ ਮਨਜ਼ੂਰੀ ਪੱਤਰ ਜਾਰੀ ਕਰਨ ਤੋਂ ਬਾਅਦ ਇਸ ਮਕਾਨ ਦੀ ਤਲਾਸ਼ੀ ਲਈ। ਉਸ ਸਮੇਂ ਉਹ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਤਾਲਾ ਤੋੜ ਕੇ ਅੰਦਰ ਤਲਾਸ਼ੀ ਲਈ।

ਜ਼ਬਤੀ ਮੈਮੋ ਵਿੱਚ ਦੂਜੇ ਵਿਅਕਤੀ ਦਾ ਨਾਮ ਦਰਜ ਕਰਨ ਦਾ ਦੋਸ਼
ਅਹਲੂਵਾਲੀਆ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਕਿ ਤਲਾਸ਼ੀ ਦੌਰਾਨ ਤਿਆਰ ਕੀਤੇ ਗਏ ਜ਼ਬਤੀ ਮੈਮੋ ਵਿੱਚ ਮਕਾਨ ਨੂੰ ਅਮਰਿੰਦਰ ਸਿੰਘ ਮਲ੍ਹੀ ਦਾ ਦੱਸਿਆ ਗਿਆ, ਜਦਕਿ ਉਨ੍ਹਾਂ ਮੁਤਾਬਕ ਇਹ ਰਿਹਾਇਸ਼ ਉਨ੍ਹਾਂ ਨੂੰ ਅਲਾਟ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਤਲਾਸ਼ੀ ਦੀ ਮਨਜ਼ੂਰੀ, ਇਸ ਦੇ ਕਾਰਨਾਂ ਅਤੇ ਮਕਾਨ ਨੂੰ ਸੀਲ ਜਾਂ ਫ੍ਰੀਜ਼ ਕਰਨ ਨਾਲ ਸਬੰਧਤ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ।

ਰਿਕਾਰਡ ਅਤੇ ਆਡੀਓ-ਵੀਡੀਓ ਫੁਟੇਜ ਮੰਗੀ
ਸ਼ਿਕਾਇਤ ਰਾਹੀਂ ਅਹਲੂਵਾਲੀਆ ਨੇ ਤਲਾਸ਼ੀ ਨਾਲ ਸਬੰਧਤ ਰਿਕਾਰਡ, ਮਨਜ਼ੂਰੀ ਪੱਤਰ ਅਤੇ ਆਡੀਓ-ਵੀਡੀਓ ਰਿਕਾਰਡਿੰਗ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਦਾਲਤ ਨੂੰ ਤਲਾਸ਼ੀ ਨੂੰ ਅਧਿਕਾਰ ਖੇਤਰ ਤੋਂ ਬਾਹਰ ਕਰਾਰ ਦੇਣ, ਮਾਮਲੇ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਫਿਲਹਾਲ, ਇਹ ਸ਼ਿਕਾਇਤ ਵਿੱਚ ਲਾਏ ਗਏ ਦੋਸ਼ ਹਨ। ਮਾਮਲੇ ਵਿੱਚ ਅਦਾਲਤ ਦੇ ਅਗਲੇ ਹੁਕਮਾਂ ਅਤੇ ED ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।