ਵੱਡੀ ਖ਼ਬਰ: ਦਿੱਲੀ ਹਾਈਕੋਰਟ ਦੇ ਬਾਹਰ ਫੁੱਟਪਾਥ ਤੇ ਪੈਦਲ ਲੰਘਣ ਲਈ ਰਸਤਾ ਬਣਾਓ, ਸੁਪਰੀਮ ਕੋਰਟ ਦੀ ਅਨੋਖੀ ਚਿਤਾਵਨੀ

Top Trending News ਦਿੱਲੀ ਰਾਸ਼ਟਰੀ

 

ਵੱਡੀ ਖ਼ਬਰ: ਦਿੱਲੀ ਹਾਈਕੋਰਟ ਦੇ ਬਾਹਰ ਫੁੱਟਪਾਥ ਤੇ ਪੈਦਲ ਲੰਘਣ ਲਈ ਰਸਤਾ ਬਣਾਓ, ਸੁਪਰੀਮ ਕੋਰਟ ਦੀ ਅਨੋਖੀ ਚਿਤਾਵਨੀ

ਨਵੀਂ ਦਿੱਲੀ 17 ਅਕਤੂਬਰ 2026

ਦਿੱਲੀ ਹਾਈ ਕੋਰਟ ਦੇ ਆਲੇ-ਦੁਆਲੇ ਸੁਰੱਖਿਅਤ ਫੁੱਟਪਾਥਾਂ ਅਤੇ ਪੈਦਲ ਯਾਤਰੀਆਂ ਲਈ ਸੜਕ ਪਾਰ ਕਰਨ ਵਾਸਤੇ ਢੁੱਕਵੇਂ ਰਸਤਿਆਂ ਦੀ ਘਾਟ ’ਤੇ ਸੁਪਰੀਮ ਕੋਰਟ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਅਦਾਲਤ ਨੇ ਸਬੰਧਤ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੀ ਸੁਣਵਾਈ ਤੋਂ ਪਹਿਲਾਂ ਜ਼ਮੀਨੀ ਪੱਧਰ ’ਤੇ ਕੰਮ ਮੁਕੰਮਲ ਨਾ ਹੋਇਆ ਤਾਂ ਦੋਵੇਂ ਜੱਜ ਦਿੱਲੀ ਹਾਈ ਕੋਰਟ ਦੇ ਮੁੱਖ ਗੇਟ ਅੱਗੇ ਧਰਨੇ ’ਤੇ ਬੈਠ ਜਾਣਗੇ।

ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ.ਵੀ. ਵਿਨੋਦ ਚੰਦਰਨ ਦੇ ਬੈਂਚ ਨੇ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਕਿ ਸਿਰਫ਼ ਕਮੇਟੀਆਂ ਬਣਾਉਣ ਅਤੇ ਮੀਟਿੰਗਾਂ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਸ ਲਈ ਜ਼ਮੀਨੀ ਪੱਧਰ ’ਤੇ ਠੋਸ ਕਦਮ ਚੁੱਕਣੇ ਅਤੇ ਉਨ੍ਹਾਂ ਦੇ ਨਤੀਜੇ ਦਿਖਾਉਣੇ ਲਾਜ਼ਮੀ ਹਨ।

ਸੁਪਰੀਮ ਕੋਰਟ ਨੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਗੰਭੀਰ ਮੁੱਦਾ ਮੰਨਦਿਆਂ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸਖ਼ਤ ਸੰਦੇਸ਼ ਦਿੱਤਾ। ਅਦਾਲਤ ਦੀ ਇਹ ਟਿੱਪਣੀ ਪ੍ਰਸ਼ਾਸਨਿਕ ਦੇਰੀ ਅਤੇ ਸੜਕ ਸੁਰੱਖਿਆ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀ ਹੈ।

ਅਦਾਲਤ ਦੀ ਚਿਤਾਵਨੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਦਲ ਚੱਲਣ ਵਾਲਿਆਂ ਨੂੰ ਸੁਰੱਖਿਅਤ ਫੁੱਟਪਾਥ ਅਤੇ ਸੜਕ ਪਾਰ ਕਰਨ ਲਈ ਢੁੱਕਵੀਆਂ ਸਹੂਲਤਾਂ ਮਿਲਣ ਅਤੇ ਇਸ ਸਬੰਧੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰਹੇ।