ਅਮਰੀਕਾ ‘ਚ ਪੰਜਾਬਣ ਜੈਸਮੀਨ ਗਿੱਲ ਦੇ ਕਤਲ ਦਾ ਮਾਮਲਾ, ਪਤੀ ਗੁਰਿੰਦਰ ਗਿੱਲ ਗ੍ਰਿਫ਼ਤਾਰ
ਸੈਕਰਾਮੈਂਟੋ 17 ਅਕਤੂਬਰ 2026
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਜੈਸਮੀਨ ਗਿੱਲ ਦੀ ਗੁੰਮਸ਼ੁਦਗੀ ਦਾ ਮਾਮਲਾ ਕਤਲ ਵਿੱਚ ਤਬਦੀਲ ਹੋ ਗਿਆ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਦੇ ਅਧਿਕਾਰੀਆਂ ਨੇ ਕਤਲ ਦੇ ਦੋਸ਼ ਹੇਠ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਜੈਸਮੀਨ ਨੂੰ ਆਖ਼ਰੀ ਵਾਰ 30 ਸਤੰਬਰ ਨੂੰ ਸੈਕਰਾਮੈਂਟੋ ਸਥਿਤ ਆਪਣੀ ਰਿਹਾਇਸ਼ ’ਤੇ ਦੇਖਿਆ ਗਿਆ ਸੀ। 4 ਅਕਤੂਬਰ ਨੂੰ ਉਸ ਦੇ ਰਿਸ਼ਤੇਦਾਰ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ।
ਜਾਂਚ ਦੌਰਾਨ ਗੁਰਿੰਦਰ ਨੇ ਦਾਅਵਾ ਕੀਤਾ ਕਿ ਡਾਕ ਦੇਖਣ ਸਮੇਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਦੇ ਅਧਿਕਾਰੀ ਜੈਸਮੀਨ ਨੂੰ ਹਿਰਾਸਤ ਵਿੱਚ ਲੈ ਗਏ ਸਨ। ਹਾਲਾਂਕਿ, ਜਾਂਚ ਅਧਿਕਾਰੀਆਂ ਵੱਲੋਂ ICE ਨਾਲ ਸੰਪਰਕ ਕਰਨ ’ਤੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ।
ਤਫ਼ਤੀਸ਼ ਅੱਗੇ ਵਧਣ ’ਤੇ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਸਾਹਮਣੇ ਆਏ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਦੋਵੇਂ ਪਤੀ-ਪਤਨੀ ਵਿਚਕਾਰ ਤਲਾਕ ਅਤੇ ਬੱਚੇ ਦੀ ਹਿਰਾਸਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਵਿੱਚ ਸੜੀਆਂ ਹੋਈਆਂ ਮਨੁੱਖੀ ਅਵਸ਼ੇਸ਼ ਮਿਲੇ, ਜਿਨ੍ਹਾਂ ਦੀ ਪਛਾਣ ਬਾਅਦ ਵਿੱਚ ਜੈਸਮੀਨ ਗਿੱਲ ਵਜੋਂ ਹੋਈ। 14 ਅਕਤੂਬਰ ਨੂੰ ਪੁਲਿਸ ਨੇ ਗੁਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਸੈਕਰਾਮੈਂਟੋ ਕਾਊਂਟੀ ਮੁੱਖ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ।







