ਅਮਿਤ ਸਾਹ ਦਾ ਪੰਜਾਬ ਆਉਣ ‘ਤੇ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਸਵਾਗਤ- ਪ੍ਰਿਤਪਾਲ ਬਡਲਾ

Top Trending News ਪੰਜਾਬ

 

ਅਮਿਤ ਸਾਹ ਦਾ ਪੰਜਾਬ ਆਉਣ ‘ਤੇ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਸਵਾਗਤ- ਪ੍ਰਿਤਪਾਲ ਬਡਲਾ

ਚੰਡੀਗੜ 19 ਅਕਤੂਬਰ 2026- ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਲਾਇਕੀਆ ਅਤੇ ਨਸ਼ਾ ਤਸਕਰਾਂ ਨਾਲ ਇਹਨਾਂ ਦੀਆਂ ਸਾਂਝਾ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ । ਇਸ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਕੱਲ ਸੰਗਰੂਰ ਦੌਰੇ ਦੌਰਾਨ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਪ੍ਰਿਤਪਾਲ ਕੌਰ ਬਡਲਾ ਡੈਲੀਗੇਟ ਪੀਪੀਸੀਸੀ ਨੇ ਕੀਤਾ। ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਦਾ ਅੰਤਰਰਾਸ਼ਟਰੀ ਬਾਰਡਰ 50 ਕਿਲੋਮੀਟਰ ਤੱਕ ਬੀਐੱਸਐੱਫ ਦੇ ਕੰਟਰੋਲ ਅਧੀਨ ਹੈ ਜੇਕਰ ਫਿਰ ਵੀ ਨਸ਼ਾ ਪੰਜਾਬ ਅੰਦਰ ਪਹੁੰਚ ਰਿਹਾ ਹੈ ਤਾਂ ਇਸਦੀ ਸਿੱਧੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ।

ਗੁਜਰਾਤ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਹੈ ਪਰ ਮੁਦਰਾ ਪੋਰਟ ਤੋਂ ਅਰਬਾਂ ਦਾ ਨਸ਼ਾ ਦੇਸ਼ ਅੰਦਰ ਆ ਰਿਹਾ ਹੈ । ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ ਅਤੇ ਕੇਂਦਰੀ ਗ੍ਰਹਿ ਮੰਤਰੀ ਪੰਜਾਬ ਆਉਣ ਤੋਂ ਪਹਿਲਾਂ ਇਹ ਸਪੱਸ਼ਟ ਕਰਨ ਕਿ ਰੋਜ਼ਾਨਾ ਜੋ ਪੰਜਾਬ ਦੇ ਗੱਭਰੂ ਨਸ਼ੇ ਦੀ ਭੇਟ ਚੜ ਰਹੇ ਹਨ ਜਾਂ ਪਰਮਿੰਦਰ ਸਿੰਘ ਝੋਟੇ ਵਾਂਗ ਨਸ਼ਾ ਤਸਕਰਾਂ ਵੱਲੋਂ ਮਾਰੇ ਜਾ ਰਹੇ ਹਨ ਉਹਨਾਂ ਦੀ ਜਿੰਮੇਵਾਰੀ ਕਿਸਦੀ ਹੈ ਅਤੇ ਇਸ ਉੱਪਰ ਕੇਂਦਰ ਸਰਕਾਰ ਕੀ ਕਾਰਵਾਈ ਕਰ ਰਹੀ ਹੈ?

ਬੀਬੀ ਬਡਲਾ ਨੇ ਕਿਹਾ ਕਿ ਪੰਜਾਬੀ ਭਾਜਪਾ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ। ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਉੱਪਰ ਸਿਆਸਤ ਕਰਨ ਦੀ ਬਜਾਏ ਇਸ ਕੋਹੜ ਤੋਂ ਪੰਜਾਬ ਨੂੰ ਬਾਹਰ ਕੱਢਣ ਲਈ ਕੋਈ ਠੋਸ ਕਦਮ ਉਠਾਏ। ਜੇਕਰ ਸੱਚਮੁੱਚ ਹੀ ਅਮਿਤ ਸਾਹ ਪੰਜਾਬ ਦਾ ਦਰਦ ਸਮਝਦੇ ਹਨ ਤਾਂ ਪੰਜਾਬ ਅੰਦਰ ਪਹੁੰਚ ਰਹੇ ਨਸ਼ੇ ਦੀ ਸਪਲਾਈ ਚੇਨ ਤੋੜੀ ਜਾਵੇ।