ਗੋਲੀਬਾਰੀ ‘ਚ ਜ਼ਖ਼ਮੀ ਹੋਏ ਟਾਈਗਰ ਨੂੰ ਮਿਲੇ ਏਕਨਾਥ ਸ਼ਿੰਦੇ, ਕਿਹਾ- ‘ਧਮਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ’
ਮੁੰਬਈ 19 ਅਕਤੂਬਰ 2026
ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਟਾਈਗਰ ਸ਼ਰੌਫ਼ ਦੇ ਘਰ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਮਗਰੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਰਾਤ ਅਦਾਕਾਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸ਼ਿੰਦੇ ਨੇ ਟਾਈਗਰ ਸ਼ਰੌਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੁਲਾਕਾਤ ਦੌਰਾਨ ਟਾਈਗਰ ਸ਼ਰੌਫ਼ ਦੇ ਖੱਬੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਸੀ, ਜਦਕਿ ਮੋਢੇ ਅਤੇ ਛਾਤੀ ’ਤੇ ਵੀ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ। ਸ਼ਿੰਦੇ ਨੇ ਦੱਸਿਆ ਕਿ ਘਟਨਾ ਦੌਰਾਨ ਪੰਜ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਕਾਰਨ ਟਾਈਗਰ ਦੇ ਖੱਬੇ ਹੱਥ ’ਤੇ ਸੱਟਾਂ ਲੱਗੀਆਂ, ਜਦਕਿ ਉਨ੍ਹਾਂ ਦਾ ਚਾਲਕ ਵੀ ਜ਼ਖ਼ਮੀ ਹੋ ਗਿਆ।
ਸ਼ਿੰਦੇ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਅਤੇ ਨਿੰਦਣਯੋਗ ਘਟਨਾ ਹੈ। ਬਾਰੂਦ ਅਤੇ ਕੱਚ ਦੇ ਟੁਕੜਿਆਂ ਕਾਰਨ ਟਾਈਗਰ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਅਦਾਕਾਰ ਅਤੇ ਉਨ੍ਹਾਂ ਦੀ ਮਾਤਾ ਘਟਨਾ ਤੋਂ ਕਾਫ਼ੀ ਸਹਿਮੇ ਹੋਏ ਹਨ। ਉਪ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਧਮਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਪਰਿਵਾਰ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ।







