ਪਰਵਿੰਦਰ ਝੋਟਾ ਦੇ ਕਤਲ ਵਿਰੁੱਧ ਮੋਰਿੰਡਾ ਵਿੱਚ ਵਿਧਾਇਕ ਦੇ ਹਸਪਤਾਲ ਅੱਗੇ ਭਾਰੀ ਰੋਸ ਧਰਨਾ

Top Trending News ਪੰਜਾਬ
  • ਪਰਵਿੰਦਰ ਝੋਟਾ ਦੇ ਕਤਲ ਵਿਰੁੱਧ ਮੋਰਿੰਡਾ ਵਿੱਚ ਵਿਧਾਇਕ ਦੇ ਹਸਪਤਾਲ ਅੱਗੇ ਭਾਰੀ ਰੋਸ ਧਰਨਾ
  • ਵਿਧਾਇਕ ਨੂੰ ਸੌਂਪਿਆ ਲਾਹਨਤੀ ਪੱਤਰ

ਮੋਰਿੰਡਾ, 19 ਅਕਤੂਬਰ (ਭਟੋਆ): ਨਸ਼ਾ ਵਿਰੋਧੀ ਐਕਟੀਵਿਸਟ ਅਤੇ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬ ਭਰ ਵਿੱਚ ਗੁੱਸੇ ਤੇ ਰੋਸ ਦੀ ਲਹਿਰ ਫੈਲ ਗਈ ਹੈ। ਇਸੇ ਲੜੀ ਤਹਿਤ ਮੋਰਿੰਡਾ ਵਿੱਚ ਗਠਿਤ ‘ਨਸ਼ਾ ਵਿਰੋਧੀ ਐਕਸ਼ਨ ਕਮੇਟੀ’ ਦੇ ਸੱਦੇ ‘ਤੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਹਸਪਤਾਲ ਅੱਗੇ ਤਿੰਨ ਘੰਟਿਆਂ ਲਈ ਰੋਸ ਧਰਨਾ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਚਿੱਟਾ ਅਤੇ ਹੋਰ ਮਾਰੂ ਸਿੰਥੈਟਿਕ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਇਨ੍ਹਾਂ ਕਾਰਨ ਜਿੱਥੇ ਆਏ ਦਿਨ ਨੌਜਵਾਨ ਅਣਆਈ ਮੌਤ ਮਾਰੇ ਜਾ ਰਹੇ ਹਨ, ਉੱਥੇ ਹੀ ਹਲਕੇ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਏਡਜ਼ ਵਰਗੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਆਗੂਆਂ ਨੇ ਗੰਭੀਰ ਦੋਸ਼ ਲਾਇਆ ਕਿ ਪੁਲਿਸ, ਨਸ਼ਾ ਤਸਕਰਾਂ ਅਤੇ ਸੱਤਾਧਾਰੀ ਨੁਮਾਇੰਦਿਆਂ ਦੀ ਮਿਲੀਭੁਗਤ ਕਾਰਨ ਪਿੰਡ-ਪਿੰਡ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪਰਵਿੰਦਰ ਸਿੰਘ ਝੋਟਾ ਦੇ ਦਰਸਾਏ ਰਾਹ ‘ਤੇ ਚੱਲ ਕੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕੀਤੀ।

ਧਰਨੇ ਦੌਰਾਨ ਪਹੁੰਚੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਹਮੇਸ਼ਾ ਨਸ਼ਿਆਂ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਰਹੇ ਹਨ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਾਲ ਜੋ ਵਾਪਰਿਆ, ਉਹ ਬਹੁਤ ਦੁਖਦਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੇ ਹਨ ਕਿ ਨਸ਼ਿਆਂ ਵਿਰੁੱਧ ਡਟਣ ਵਾਲੇ ਜੁਝਾਰੂ ਸਾਥੀਆਂ ਨੂੰ ਸੁਰੱਖਿਆ ਅਤੇ ਹਥਿਆਰਾਂ ਦੇ ਲਾਇਸੈਂਸ ਪ੍ਰਦਾਨ ਕੀਤੇ ਜਾਣ।

ਧਰਨੇ ਦੌਰਾਨ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੂੰ ਸੌੰਪੇ ਗਏ ‘ਲਾਹਨਤੀ ਪੱਤਰ’ ਰਾਹੀਂ ਐਕਸ਼ਨ ਕਮੇਟੀ ਨੇ ਸਰਕਾਰ ਤੋ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਪਰਵਿੰਦਰ ਝੋਟਾ ਦੇ ਕਤਲ ਅਤੇ ਨਸ਼ਾ ਤਸਕਰ-ਪੁਲਿਸ-ਸਿਆਸੀ ਗੰਢਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।ਦੋਸ਼ੀਆਂ ਨੂੰ ਫ਼ਾਸਟ ਟ੍ਰੈਕ ਕੋਰਟ ਰਾਹੀਂ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਯਾਦ ਵਿੱਚ ਖਿਆਲਾ ਕਲਾਂ ਵਿਖੇ ਟ੍ਰਾਮਾ ਸੈਂਟਰ ਸਥਾਪਿਤ ਕੀਤਾ ਜਾਵੇ।

ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਹਲਕਾ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ, ਜਰਨੈਲ ਸਿੰਘ ਸਰਹਾਣਾ, ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ, ਇਕਬਾਲ ਸਿੰਘ ਡੂਮਛੇੜੀ, ਵਾਰਿਸ ਪੰਜਾਬ ਦੇ ਵੱਲੋ ਜਗਮੋਹਨ ਸਿੰਘ ਮੁੰਧੋ, ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਿੰਦਰ ਸਿੰਘ ਬਿੱਟੂ ਕੰਗ, ਅਸ਼ਵਨੀ ਸ਼ਰਮਾ, ਮਹਿੰਦਰ ਸਿੰਘ ਰੌਣੀ, ਹਰਚੰਦ ਸਿੰਘ ਰਤਨਗੜ੍ਹ, ਸੁਖਬੀਰ ਸਿੰਘ ਸ੍ਰੀ ਚਮਕੌਰ ਸਾਹਿਬ,ਤਾਰਾ ਚੰਦ ਜੰਡ ਸਾਹਿਬ, ਕਰਨ ਕੰਧੋਲਾ, ਭੁਪਿੰਦਰ ਸਿੰਘ ਮੁੰਡੀਆਂ, ਅਵਤਾਰ ਸਿੰਘ ਸਹੇੜੀ ਅਤੇ ਮਨਿੰਦਰ ਸਿੰਘ ਮਾਨਖੇੜੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।