ਵੱਡੀ ਖ਼ਬਰ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਦਾ ਫ਼ੈਸਲਾ; ਸ਼ਰਧਾਲੂਆਂ ’ਤੇ ਕੋਈ ਪਾਬੰਦੀ ਨਹੀਂ
ਨਵੀਂ ਦਿੱਲੀ 21 ਅਕਤੂਬਰ 2026
ਦਿੱਲੀ ਦੇ ਅੰਦਰ 10 ਅਕਤੂਬਰ ਨੂੰ ਹੋਏ ਰੋਸ ਮੁਜ਼ਾਹਰੇ ਦੌਰਾਨ ਸਿੱਖ ਰਹਿਤ ਮਰਿਆਦਾ ਦੀ ਕਥਿਤ ਉਲੰਘਣਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਅਹਿਮ ਫ਼ੈਸਲਾ ਲਿਆ ਹੈ। ਕਮੇਟੀ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਨਾਲ ਲੱਗਦੇ ਰਸਤੇ ਨੂੰ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਾਰਟਕੱਟ ਵਜੋਂ ਵਰਤਣ ’ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਪੱਸ਼ਟ ਕੀਤਾ ਕਿ ਇਸ ਫ਼ੈਸਲੇ ਦਾ ਆਮ ਸ਼ਰਧਾਲੂਆਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਅਨੁਸਾਰ ਗੁਰਦੁਆਰਾ ਸਾਹਿਬ ਜਾਤ, ਨਸਲ, ਧਰਮ ਜਾਂ ਰੁਤਬੇ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਲਈ ਦਿਨ-ਰਾਤ ਖੁੱਲ੍ਹਾ ਰਹੇਗਾ।
ਇਹ ਵਿਵਾਦ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਮਗਰੋਂ ਸ਼ੁਰੂ ਹੋਇਆ ਸੀ। ਵੀਡੀਓ ਵਿੱਚ ਪੁਲਿਸ ਮੁਲਾਜ਼ਮ ਬੂਟ ਪਹਿਨ ਕੇ ਅਤੇ ਨੰਗੇ ਸਿਰ ਗੁਰਦੁਆਰੇ ਨਾਲ ਲੱਗਦੇ ਰਸਤੇ ਤੋਂ ਲੰਘਦੇ ਦਿਖਾਈ ਦਿੱਤੇ ਸਨ। ਇਸ ਨੂੰ ਮਰਿਆਦਾ ਦੀ ਕਥਿਤ ਉਲੰਘਣਾ ਵਜੋਂ ਪੇਸ਼ ਕੀਤਾ ਗਿਆ।
ਕਾਲਕਾ ਮੁਤਾਬਕ, ਪੁਲਿਸ ਮੁਲਾਜ਼ਮ ਅਸ਼ੋਕ ਮਾਰਗ ਅਤੇ ਪੁਲਿਸ ਹੈੱਡਕੁਆਰਟਰ ਵਿਚਕਾਰ ਆਉਣ-ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਫ਼ੈਸਲੇ ਬਾਰੇ ਡੀਸੀਪੀ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।







