ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨਾਲ ਟਕਰਾਇਆ ਪੰਛੀ, 148 ਮੁਸਾਫਰਾਂ ਦੀ ਜਾਨ ਖ਼ਤਰੇ ’ਚ ਪਈ; ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Top Trending News ਰਾਸ਼ਟਰੀ

 

ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ਨਾਲ ਟਕਰਾਇਆ ਪੰਛੀ, 148 ਮੁਸਾਫਰਾਂ ਦੀ ਜਾਨ ਖ਼ਤਰੇ ’ਚ ਪਈ; ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਬੈਂਗਲੁਰੂ 21 ਅਕਤੂਬਰ 2026

ਆਂਧਰਾ ਪ੍ਰਦੇਸ਼ ਦੇ ਭੋਗਪੁਰਮ ਤੋਂ ਬੈਂਗਲੁਰੂ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਇਕ ਜਹਾਜ਼ ਨਾਲ ਪੰਛੀ ਟਕਰਾਉਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਵਿੱਚ 148 ਮੁਸਾਫਰ ਸਵਾਰ ਸਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ, ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ IX2065 ਭੋਗਪੁਰਮ ਤੋਂ ਬੈਂਗਲੁਰੂ ਵੱਲ ਆ ਰਹੀ ਸੀ ਕਿ ਰਸਤੇ ਵਿੱਚ ਜਹਾਜ਼ ਨਾਲ ਇਕ ਪੰਛੀ ਟਕਰਾ ਗਿਆ। ਇਸ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਨੇੜਲੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਘਟਨਾ ਸਮੇਂ ਜਹਾਜ਼ ਵਿੱਚ ਸਵਾਰ ਮੁਸਾਫਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਮੁਸਾਫਰ ਜਾਂ ਜਹਾਜ਼ ਦੇ ਅਮਲੇ ਦੇ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ।

ਹਵਾਬਾਜ਼ੀ ਖੇਤਰ ਵਿੱਚ ਪੰਛੀਆਂ ਦਾ ਜਹਾਜ਼ਾਂ ਨਾਲ ਟਕਰਾਉਣਾ ਸੁਰੱਖਿਆ ਨਾਲ ਜੁੜੀ ਗੰਭੀਰ ਚੁਣੌਤੀ ਮੰਨਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਵਿੱਚ ਜਹਾਜ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਵਜੋਂ ਲੈਂਡਿੰਗ ਕਰਵਾਈ ਜਾ ਸਕਦੀ ਹੈ। ਫਿਲਹਾਲ ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।