- ਹਰਦੀਪ ਪੁਰੀ ਤੇ ਐਪਸਟੀਨ ਦੀਆਂ ਤਸਵੀਰਾਂ ਵਾਇਰਲ
ਨਵੀਂ ਦਿੱਲੀ, 21 ਅਕਤੂਬਰ: (ਦੇਸ਼ ਕਲਿੱਕ ਬਿਊਰੋ): ਅਮਰੀਕੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਮਗਰੋਂ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਆਗੂਆਂ ਨੇ ਸਵਾਲ ਚੁੱਕੇ ਹਨ।
ਇਹ ਤਸਵੀਰਾਂ ਇਸ ਲਈ ਚਰਚਾ ਵਿੱਚ ਹਨ, ਕਿਉਂਕਿ ਪੁਰੀ ਲਗਾਤਾਰ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਐਪਸਟੀਨ ਨਾਲ ਮੁਲਾਕਾਤ ਸਿਰਫ਼ ਇੱਕ ਵਫ਼ਦ ਦੇ ਹਿੱਸੇ ਵਜੋਂ ਹੋਈ ਸੀ ਅਤੇ ਉਹ ਉਸ ਨੂੰ ਕਦੇ ਇਕੱਲੇ ਨਹੀਂ ਮਿਲੇ। ਕਾਂਗਰਸ ਦੀ ਬੁਲਾਰਨ ਸੁਪ੍ਰਿਆ ਸ਼੍ਰੀਨੇਤ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਜਦੋਂ ਪੁਰੀ ਨੇ ਕਿਹਾ ਸੀ ਕਿ ਉਹ ਐਪਸਟੀਨ ਨੂੰ ਕਦੇ ਇਕੱਲੇ ਨਹੀਂ ਮਿਲੇ, ਤਾਂ ਇਨ੍ਹਾਂ ਤਸਵੀਰਾਂ ਦੇ ਕੀ ਮਾਇਨੇ ਹਨ?
ਉੱਧਰ, ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਪੁਰੀ ਮੁਤਾਬਕ ਉਹ ਐਪਸਟੀਨ ਨੂੰ ਤਿੰਨ-ਚਾਰ ਵਾਰ ਵਫ਼ਦ ਦੇ ਨਾਲ ਮਿਲੇ ਸਨ। ਉਨ੍ਹਾਂ ਸਵਾਲ ਕੀਤਾ ਕਿ ਤਸਵੀਰਾਂ ਵਿੱਚ ਵਫ਼ਦ ਦੇ ਹੋਰ ਮੈਂਬਰ ਕਿੱਥੇ ਹਨ।
ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ ਵਿੱਚ ਸ਼ਾਮਲ ਹਨ ਤਸਵੀਰਾਂ
ਰਿਪੋਰਟ ਮੁਤਾਬਕ, ਐਪਸਟੀਨ ਅਤੇ ਪੁਰੀ ਦੀਆਂ 11 ਤਸਵੀਰਾਂ ਇੱਕ ਵੈੱਬਸਾਈਟ ’ਤੇ ਮੌਜੂਦ ਹਨ। ਇਹ ਤਸਵੀਰਾਂ ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੇ ਨੌਵੇਂ ਸੈੱਟ ਵਿੱਚ ਸ਼ਾਮਲ ਸਨ। ਇਸ ਸੈੱਟ ਵਿੱਚ ਘੱਟੋ-ਘੱਟ 11 ਤਸਵੀਰਾਂ ਹਨ, ਜੋ ਲਗਭਗ ਇੱਕੋ ਜਿਹੀਆਂ ਦਿਖਾਈ ਦਿੰਦੀਆਂ ਹਨ। ਇਹ ਤਸਵੀਰਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ।







