CM ਮਾਨ ਦੇ OSD ਰਾਜਬੀਰ ਘੁੰਮਣ ਤੋਂ CBI ਨੇ ਤੀਜੀ ਵਾਰ ਕੀਤੀ ਪੁੱਛਗਿੱਛ

Top Trending News ਪੰਜਾਬ
  • CM ਮਾਨ ਦੇ OSD ਰਾਜਬੀਰ ਘੁੰਮਣ ਤੋਂ CBI ਨੇ ਤੀਜੀ ਵਾਰ ਕੀਤੀ ਪੁੱਛਗਿੱਛ

ਚੰਡੀਗੜ੍ਹ, 23 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਪੁੱਛਗਿੱਛ ਲਈ ਪਹੁੰਚੇ। ਇਹ ਮਾਮਲਾ ਮੁੱਖ ਮੰਤਰੀ ਦਫ਼ਤਰ (ਸੀਐਮਓ) ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਸਬੰਧਤ ਹੈ। ਘੁੰਮਣ ਮੁਤਾਬਕ, ਜਾਂਚ ਦੌਰਾਨ ਉਨ੍ਹਾਂ ਤੋਂ ਪੁਰਾਣੇ ਅਤੇ ਨਵੇਂ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਘੁੰਮਣ ਨੇ ਕਿਹਾ ਕਿ ਉਹ ਨਿਰਪੱਖ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਸੀਬੀਆਈ ਨੇ ਲਗਭਗ 40 ਸਵਾਲ ਪੁੱਛੇ ਸਨ, ਜਦਕਿ ਤਾਜ਼ਾ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੇ ਸਵਾਲਾਂ ਦੀ ਗਿਣਤੀ 50 ਦੱਸੀ।

ਉਨ੍ਹਾਂ ਜਾਂਚ ਪ੍ਰਕਿਰਿਆ ’ਤੇ ਭਰੋਸਾ ਜਤਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਉਨ੍ਹਾਂ ਆਪਣੇ ਸਾਥੀਆਂ ਨੂੰ ਵੀ ਘਬਰਾਉਣ ਦੀ ਲੋੜ ਨਾ ਹੋਣ ਦੀ ਗੱਲ ਕਹੀ ਅਤੇ ਜਲਦ ਕਲੀਨ ਚਿੱਟ ਮਿਲਣ ਦੀ ਉਮੀਦ ਜਤਾਈ ਸੀ।

ਘੁੰਮਣ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ
ਇਸ ਮਾਮਲੇ ਵਿੱਚ ਘੁੰਮਣ ਦੇ ਕਰੀਬੀ ਮੰਨੇ ਜਾਂਦੇ ਨਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਤੋਂ ਵੀ ਸੀਬੀਆਈ ਪੁੱਛਗਿੱਛ ਕਰ ਚੁੱਕੀ ਹੈ। ਦੋਵਾਂ ਤੋਂ ਕਰੀਬ 10 ਘੰਟੇ ਸਵਾਲ-ਜਵਾਬ ਕੀਤੇ ਗਏ ਸਨ। ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਸਬੰਧੀ ਜਵਾਬ ਦੇ ਦਿੱਤੇ ਹਨ। ਉਨ੍ਹਾਂ ਨਿਰਪੱਖ ਜਾਂਚ ਅਤੇ ਨਿਆਂ ਮਿਲਣ ਦੀ ਉਮੀਦ ਵੀ ਜਤਾਈ ਸੀ।

5 ਅਕਤੂਬਰ ਨੂੰ ਦਰਜ ਹੋਈ ਸੀ ਐੱਫਆਈਆਰ
ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ। ਇਸ ਵਿੱਚ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਸਿੰਘ, ਆਰਐੱਸ ਨਾਗਰਾ ਅਤੇ ਅਣਪਛਾਤੇ ਸਰਕਾਰੀ ਤੇ ਨਿੱਜੀ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸੀਬੀਆਈ ਪੰਜਾਬ ਸਰਕਾਰ ਦੇ 15 ਤੋਂ ਵੱਧ ਵਿਭਾਗਾਂ ਦੀਆਂ ਫਾਈਲਾਂ ਅਤੇ 22 ਤੋਂ ਵੱਧ ਅਧਿਕਾਰੀਆਂ ਦੇ ਤਬਾਦਲਿਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ 13 ਅਕਤੂਬਰ ਨੂੰ ਜਲੰਧਰ ਵਿੱਚ ਕੇਸ ਦਰਜ ਕੀਤਾ ਸੀ।

ਸੁਪਰੀਮ ਕੋਰਟ ਵੱਲੋਂ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ
ਐੱਫਆਈਆਰ ਦਰਜ ਹੋਣ ਤੋਂ ਬਾਅਦ ਸੀਬੀਆਈ ਨੇ ਘੁੰਮਣ ਨੂੰ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਸਨ। 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ’ਤੇ ਅੰਤਰਿਮ ਰੋਕ ਲਗਾਉਂਦਿਆਂ ਜਾਂਚ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਘੁੰਮਣ ਜਾਂਚ ਵਿੱਚ ਸ਼ਾਮਲ ਹੋ ਰਹੇ ਹਨ। ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਅਜੇ ਜਾਰੀ ਹੈ।