- ਬਿਹਾਰ ’ਚ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਸੀਵਾਨ, 23 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਪਟਾਕੇ ਬਣਾਉਣ ਦੌਰਾਨ ਹੋਏ ਜ਼ਬਰਦਸਤ ਧਮਾਕੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਟਾਕਾ ਫੈਕਟਰੀ ਦਾ ਮਾਲਕ ਅਮੀਰੂਦੀਨ ਅਤੇ ਉਸ ਦੀਆਂ ਦੋ ਪੋਤੀਆਂ ਸ਼ਾਮਲ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵਿਜੇ ਪ੍ਰਕਾਸ਼ ਮੀਣਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ, ਜਾਮੋ ਥਾਣਾ ਖੇਤਰ ਦੇ ਆਲਮਪੁਰ ਪਿੰਡ ਵਿੱਚ ਇੱਕ ਇਮਾਰਤ ਅੰਦਰ ਪਟਾਕੇ ਬਣਾਏ ਜਾ ਰਹੇ ਸਨ। ਇਸ ਦੌਰਾਨ ਅਚਾਨਕ ਧਮਾਕੇ ਹੋਣ ਲੱਗੇ, ਜਿਨ੍ਹਾਂ ਕਾਰਨ ਪੂਰਾ ਮਕਾਨ ਢਹਿ ਗਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ ’ਤੇ ਖਿੱਲਰ ਗਈਆਂ। ਸਥਾਨਕ ਲੋਕਾਂ ਮੁਤਾਬਕ, ਇਲਾਕੇ ਵਿੱਚ ਕਰੀਬ ਡੇਢ ਘੰਟੇ ਤੱਕ ਰੁਕ-ਰੁਕ ਕੇ ਧਮਾਕੇ ਹੁੰਦੇ ਰਹੇ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ।







