- ਅਕਾਲੀ ਦਲ ਪੁਨਰ ਸੁਰਜੀਤ: ‘2027 ਵਿੱਚ ਭਾਜਪਾ ਨਾਲ ਨਾ ਹੋਵੇ ਗਠਜੋੜ, ਪੰਥਕ ਧਿਰਾਂ ਨੂੰ ਨਾਲ ਲਵੇ ਲੀਡਰਸ਼ਿਪ’ — ਗੁਰਵਿੰਦਰ ਡੂਮਛੇੜੀ
ਮੋਰਿੰਡਾ / ਸ੍ਰੀ ਚਮਕੌਰ ਸਾਹਿਬ 24 ਅਕਤੂਬਰ (ਭਟੋਆ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਅਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਰਵਿੰਦਰ ਸਿੰਘ ਡੂਮਛੇੜੀ ਨੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਤੇ ਜਨਤਕ ਅਪੀਲ ਕਰਦਿਆਂ ਸੁਝਾਅ ਦਿੱਤਾ ਹੈ ਕਿ ਆਉਂਦੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਕਿਸਮ ਦਾ ਚੋਣ ਸਮਝੌਤਾ ਨਾ ਕੀਤਾ ਜਾਵੇ। ਇਸ ਦੀ ਬਜਾਏ, ਉਨ੍ਹਾਂ ਸੂਬੇ ਵਿੱਚ ਇੱਕ ਨਿਰੋਲ ‘ਪੰਥਕ ਸਰਕਾਰ’ ਬਣਾਉਣ ਲਈ ਸਮਾਨ ਸੋਚ ਵਾਲੀਆਂ ਹੋਰ ਪੰਥਕ ਅਤੇ ਪੰਜਾਬ-ਪੱਖੀ ਧਿਰਾਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਅਪੀਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਡੂਮਛੇੜੀ ਨੇ ਸਪੱਸ਼ਟ ਕੀਤਾ ਕਿ ਜੇਕਰ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਜਜ਼ਬਾਤਾਂ ਦੇ ਵਿਰੁੱਧ ਜਾ ਕੇ ਭਾਜਪਾ ਨਾਲ ਹੱਥ ਮਿਲਾਉਂਦਾ ਹੈ, ਤਾਂ ਇਸ ਨਾਲ ਪਾਰਟੀ ਨਾਲ ਜੁੜੇ ਲੱਖਾਂ ਵਫ਼ਾਦਾਰ ਵਰਕਰ ਅਤੇ ਆਮ ਲੋਕ ਦੂਰ ਹੋ ਜਾਣਗੇ।
ਉਨਾ ਨੇ ਕੇਂਦਰ ਸਰਕਾਰ ਅਤੇ ਭਾਜਪਾ ਦੇ ਰਵੱਈਏ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਭਾਜਪਾ ਸਰਕਾਰ ਦੇ ਅੜੀਅਲ ਰਵੱਈਏ ਕਾਰਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸਨ, ਜਦਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਵੀ ਭਾਜਪਾ ਸਰਕਾਰ ਚੁੱਪ ਕਰ ਗਈ, ਜਿਸ ਕਾਰਨ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲਾਂ ਵਿੱਚ ਬੰਦ ਹਨ।ਉਨਾ ਕਿਹਾ ਕਿ ਇਨਾ ਹਾਲਾਤਾਂ ਕਰਕੇ ਪੰਜਾਬ ਦਾ ਹਰ ਕਿਸਾਨ, ਮਜ਼ਦੂਰ ਅਤੇ ਸਿੱਖ ਸਮਾਜ ਅੱਜ ਵੀ ਡੂੰਘਾ ਰੋਸ ਮਹਿਸੂਸ ਕਰ ਰਿਹਾ ਹੈ। ਅਜਿਹੇ ਵਿੱਚ ਭਾਜਪਾ ਨਾਲ ਹੱਥ ਮਿਲਾਉਣਾ ਪੰਜਾਬ ਦੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਵੇਗਾ।
ਉਨ੍ਹਾਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮਜ਼ਬੂਤੀ ਨਾਲ ਲੜਨ ਲਈ ਭਾਜਪਾ ਦੀ ਬਜਾਏ ‘ਵਾਰਿਸ ਪੰਜਾਬ ਦੇ’, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਤੇ ਪੰਜਾਬ-ਪੱਖੀ ਸੋਚ ਰੱਖਣ ਵਾਲੀਆਂ ਹੋਰ ਸਾਰੀਆਂ ਪ੍ਰਮੁੱਖ ਧਿਰਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਡੂਮਛੇੜੀ ਨੇ ਭਰੋਸਾ ਜਤਾਇਆ ਕਿ ਜੇਕਰ ਸਾਰੀਆਂ ਪੰਥਕ ਤਾਕਤਾਂ ਇੱਕੋ ਮੰਚ ‘ਤੇ ਆ ਕੇ ਚੋਣ ਮੈਦਾਨ ਵਿੱਚ ਉਤਰਦੀਆਂ ਹਨ, ਤਾਂ ਪੰਜਾਬ ਵਿੱਚ ਇੱਕ ਮਜ਼ਬੂਤ, ਸਮਰਪਿਤ ਅਤੇ ਨਿਰੋਲ ਪੰਥਕ ਸਰਕਾਰ ਦਾ ਗਠਨ ਸੰਭਵ ਹੋ ਸਕੇਗਾ, ਜੋ ਅਸਲ ਅਰਥਾਂ ਵਿੱਚ ਸੂਬੇ ਦੇ ਹੱਕਾਂ ਅਤੇ ਲੋਕਾਂ ਦੀਆਂ ਇੱਛਾਵਾਂ ਦੀ ਤਰਜਮਾਨੀ ਕਰ ਸਕੇਗੀ।







