ਚੰਡੀਗੜ੍ਹ ਕਤਲ ਕੇਸ ’ਚ ਵੱਡੀ ਕਾਰਵਾਈ! ਸੈਕਟਰ-50 ਦੇ ਜੰਗਲ ’ਚ ਪੁਲਿਸ ਨਾਲ ਮੁਕਾਬਲੇ ਦੌਰਾਨ ਮੁਲਜ਼ਮ ਜ਼ਖ਼ਮੀ

Top Trending News ਚੰਡੀਗੜ੍ਹ

 

ਚੰਡੀਗੜ੍ਹ ਕਤਲ ਕੇਸ ’ਚ ਵੱਡੀ ਕਾਰਵਾਈ! ਸੈਕਟਰ-50 ਦੇ ਜੰਗਲ ’ਚ ਪੁਲਿਸ ਨਾਲ ਮੁਕਾਬਲੇ ਦੌਰਾਨ ਮੁਲਜ਼ਮ ਜ਼ਖ਼ਮੀ

ਚੰਡੀਗੜ੍ਹ, 24 ਅਕਤੂਬਰ 2026: ਚੰਡੀਗੜ੍ਹ ਵਿੱਚ 17 ਸਾਲਾ ਨੈਤਿਕ ਦੇ ਕਤਲ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਦੌਰਾਨ ਸੈਕਟਰ-50 ਦੇ ਜੰਗਲੀ ਇਲਾਕੇ ਵਿੱਚ ਮੁਕਾਬਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਮੁਲਜ਼ਮ ਵਿਚਕਾਰ ਹੋਈ ਮੁੱਠਭੇੜ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ। ਇਹ ਕਾਰਵਾਈ ਪੁਲਿਸ ਦੀ ਆਪਰੇਸ਼ਨ ਸੈੱਲ ਵੱਲੋਂ ਇੰਸਪੈਕਟਰ ਸੇਖੋਂ ਦੀ ਅਗਵਾਈ ਹੇਠ ਕੀਤੀ ਗਈ। ਮਾਮਲੇ ਸਬੰਧੀ ਪੁਲਿਸ ਦੀ ਅਧਿਕਾਰਤ ਪੁਸ਼ਟੀ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।

ਸੇਂਟ ਜੋਸੇਫ਼ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਨੈਤਿਕ ਦੇ ਕਤਲ ਨੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਸੀ। ਮੁੱਢਲੀ ਜਾਂਚ ਸਬੰਧੀ ਮਿਲੀ ਜਾਣਕਾਰੀ ਮੁਤਾਬਕ, ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਸ਼ੱਕ ਹੈ। ਦੱਸਿਆ ਜਾਂਦਾ ਹੈ ਕਿ ਸੈਕਟਰ-34 ਵਿੱਚ ਹੋਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਵਧ ਗਿਆ ਸੀ।

ਜਾਂਚ ਨਾਲ ਜੁੜੇ ਸੂਤਰਾਂ ਅਨੁਸਾਰ, ਨੈਤਿਕ ਦੀ ਪਛਾਣ ਕਰਵਾਉਣ ਲਈ ਇੱਕ ਹੋਰ ਨੌਜਵਾਨ ਸ਼ੂਟਰ ਦੇ ਨਾਲ ਮੌਕੇ ’ਤੇ ਪਹੁੰਚਿਆ ਸੀ। ਇਸ ਤੋਂ ਬਾਅਦ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਦੌਰਾਨ ਇੱਕ ਆਟੋ ਚਾਲਕ ਵੀ ਮੋਢੇ ’ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਸੀ, ਜਦਕਿ ਨੈਤਿਕ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਪੁਲਿਸ ਵੱਲੋਂ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਅਤੇ ਕਤਲ ਪਿੱਛੇ ਸਾਜ਼ਿਸ਼ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਪਾਰੀ ਦੇ ਕੇ ਕਤਲ ਕਰਵਾਏ ਜਾਣ ਦਾ ਦਾਅਵਾ ਵੀ ਜਾਂਚ ਦਾ ਅਹਿਮ ਹਿੱਸਾ ਹੈ। ਮੁਲਜ਼ਮ ਦੀ ਪਛਾਣ, ਸਿਹਤ ਅਤੇ ਗ੍ਰਿਫ਼ਤਾਰੀ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।