ਪਰਵਿੰਦਰ ਝੋਟਾ ਦੀ ਮੌਤ ਤੋਂ 12 ਦਿਨ ਬਾਅਦ ਵੀ ਪੋਸਟਮਾਰਟਮ ਨਹੀਂ, ਪਰਿਵਾਰ ਵੱਲੋਂ CM ਮਾਨ ਤੇ DGP ਦੇ ਅਸਤੀਫ਼ੇ ਦੀ ਮੰਗ

Top Trending News ਪੰਜਾਬ
  • ਪਰਵਿੰਦਰ ਝੋਟਾ ਦੀ ਮੌਤ ਤੋਂ 12 ਦਿਨ ਬਾਅਦ ਵੀ ਪੋਸਟਮਾਰਟਮ ਨਹੀਂ, ਪਰਿਵਾਰ ਵੱਲੋਂ CM ਮਾਨ ਤੇ DGP ਦੇ ਅਸਤੀਫ਼ੇ ਦੀ ਮੰਗ
  • ਪਿਤਾ ਨੇ SSP ਦੀ ਭੂਮਿਕਾ ’ਤੇ ਚੁੱਕੇ ਸਵਾਲ
  • ਮੁਅੱਤਲ DSP ਤੇ SHO ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ

ਮਾਨਸਾ, 24 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ 12 ਦਿਨ ਬਾਅਦ ਵੀ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਝੋਟਾ ਦੇ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ DGP ਗੌਰਵ ਯਾਦਵ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਪਣਾ ਵਿਰੋਧ ਜਾਰੀ ਰੱਖਿਆ ਹੋਇਆ ਹੈ।

ਝੋਟਾ ਦੇ ਪਿਤਾ ਭੀਮ ਸਿੰਘ ਨੇ ਹੁਣ ਮਾਨਸਾ ਦੇ SSP ਵੈਭਵ ਚੌਧਰੀ ਦੇ ਕੰਮਕਾਜ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਝੋਟਾ ਦੀ ਹੱਤਿਆ ਵਿੱਚ ਪੁਲਿਸ ਦੀ ਵੀ ਮਿਲੀਭੁਗਤ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ SSP ਨੂੰ ਤੁਰੰਤ ਮਾਨਸਾ ਤੋਂ ਤਬਦੀਲ ਕੀਤਾ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੁਅੱਤਲ ਕੀਤੇ ਗਏ DSP ਹਰਜਿੰਦਰ ਸਿੰਘ ਗਿੱਲ ਅਤੇ ਥਾਣਾ ਸਿਟੀ-2 ਦੀ SHO ਬੇਅੰਤ ਕੌਰ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਹੈ।

CBI ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ
ਇਸ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਨੇ ਸ਼ਨੀਵਾਰ ਸਵੇਰੇ ਮਾਨਸਾ ਦੇ ਕਈ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਉਨ੍ਹਾਂ ਦੇ ਸਟਾਕ ਸਬੰਧੀ ਜਾਂਚ ਕੀਤੀ ਗਈ।

ਰਾਕੇਸ਼ ਟਿਕੈਤ ਨੇ ਧਰਨੇ ਦਾ ਕੀਤਾ ਸਮਰਥਨ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (BKU) ਦੇ ਕੌਮੀ ਪ੍ਰਧਾਨ ਰਾਕੇਸ਼ ਟਿਕੈਤ ਸ਼ਨੀਵਾਰ ਨੂੰ ਮਾਨਸਾ ਪਹੁੰਚੇ। ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਸਮਰਥਨ ਕੀਤਾ।