ਚੱਕਰਵਾਤੀ ਤੂਫ਼ਾਨ ਦਾ ਖ਼ਤਰਾ! ਭਾਰੀ ਮੀਂਹ ਦੀ ਚਿਤਾਵਨੀ

Top Trending News ਰਾਸ਼ਟਰੀ

ਚੱਕਰਵਾਤੀ ਤੂਫ਼ਾਨ ਦਾ ਖ਼ਤਰਾ! ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ, 24 ਅਕਤੂਬਰ 2026: ਬੰਗਾਲ ਦੀ ਖਾੜੀ ਵਿੱਚ ਇੱਕ ਵਾਰ ਫਿਰ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਖਾੜੀ ਦੇ ਮੱਧ-ਪੂਰਬੀ ਅਤੇ ਇਸ ਨਾਲ ਲੱਗਦੇ ਦੱਖਣ-ਪੂਰਬੀ ਹਿੱਸੇ ਵਿੱਚ ਬਣਿਆ ਘੱਟ ਦਬਾਅ ਵਾਲਾ ਖੇਤਰ ਅਗਲੇ ਕੁਝ ਦਿਨਾਂ ਦੌਰਾਨ ਚੱਕਰਵਾਤ ਦਾ ਰੂਪ ਧਾਰ ਸਕਦਾ ਹੈ। ਇਸ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ, 24 ਅਕਤੂਬਰ ਨੂੰ ਇਹ ਮੌਸਮੀ ਸਿਸਟਮ ਡਿਪ੍ਰੈਸ਼ਨ ਵਿੱਚ ਬਦਲ ਸਕਦਾ ਹੈ, ਜਦਕਿ 25 ਅਕਤੂਬਰ ਤੱਕ ਇਸ ਦੇ ਡੂੰਘੇ ਦਬਾਅ ਵਾਲੇ ਖੇਤਰ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। ਜੇਕਰ ਸਥਿਤੀਆਂ ਅਨੁਕੂਲ ਰਹੀਆਂ ਤਾਂ 26 ਅਕਤੂਬਰ ਦੀ ਸਵੇਰ ਤੱਕ ਇਹ ਪੱਛਮੀ-ਮੱਧ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰ ਸਕਦਾ ਹੈ।

ਇਸ ਤੋਂ ਬਾਅਦ ਤੂਫ਼ਾਨ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡੀਸ਼ਾ ਦੇ ਤੱਟਵਰਤੀ ਖੇਤਰਾਂ ਵੱਲ ਵਧ ਸਕਦਾ ਹੈ। ਇਸ ਦੇ ਪ੍ਰਭਾਵ ਹੇਠ 27 ਤੋਂ 29 ਅਕਤੂਬਰ ਦਰਮਿਆਨ ਦੋਵਾਂ ਰਾਜਾਂ ਦੇ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦਾ ਖ਼ਦਸ਼ਾ ਹੈ।

ਜੇਕਰ ਚੱਕਰਵਾਤ ਬਣਦਾ ਹੈ ਤਾਂ ਇਸ ਦਾ ਨਾਮ ‘ਅਰਨਬ’ ਰੱਖਿਆ ਜਾਵੇਗਾ। ਇਹ ਨਾਮ ਬੰਗਲਾਦੇਸ਼ ਵੱਲੋਂ ਸੁਝਾਇਆ ਗਿਆ ਹੈ, ਜਿਸ ਦਾ ਬੰਗਾਲੀ ਭਾਸ਼ਾ ਵਿੱਚ ਅਰਥ ਸਮੁੰਦਰ ਹੈ।

ਮੌਸਮ ਦੀ ਸੰਭਾਵਿਤ ਗੰਭੀਰਤਾ ਨੂੰ ਦੇਖਦਿਆਂ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਮੌਸਮ ਵਿਭਾਗ ਦੀਆਂ ਤਾਜ਼ਾ ਹਦਾਇਤਾਂ ਦੀ ਪਾਲਣਾ ਕਰਨ ਅਤੇ ਅਧਿਕਾਰਤ ਚਿਤਾਵਨੀਆਂ ’ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।