ਵਿਲੋ ਕੈਫੇ ਗੋਲੀਕਾਂਡ: ਸਾਬਕਾ ਏਡੀਜੀਪੀ ਦੇ ਪੁੱਤ ਖ਼ਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਖ਼ਲ
ਚੰਡੀਗੜ੍ਹ 24 ਅਕਤੂਬਰ 2026
ਸੈਕਟਰ-10 ਸਥਿਤ ਵਿਲੋ ਕੈਫੇ ਵਿੱਚ ਹੋਈ ਕਥਿਤ ਹਵਾਈ ਗੋਲੀਬਾਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਸਾਬਕਾ ਏਡੀਜੀਪੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਅੰਗਦ ਸੁਖਰਾਜ ਸਿੰਘ ਧਾਲੀਵਾਲ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਦੋਸ਼-ਪੱਤਰ ਦਾਖ਼ਲ ਕਰ ਦਿੱਤਾ ਹੈ। ਇਹ ਘਟਨਾ 16 ਫਰਵਰੀ 2025 ਨੂੰ ਵਾਪਰੀ ਸੀ। ਦੋਸ਼ ਹੈ ਕਿ ਕੈਫੇ ਦੀ ਛੱਤ ’ਤੇ ਹਵਾਈ ਗੋਲੀਬਾਰੀ ਕੀਤੀ ਗਈ ਸੀ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਕੈਫੇ ਅਤੇ ਆਸ-ਪਾਸ ਲੱਗੇ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਇਕੱਤਰ ਕੀਤੇ ਸਬੂਤਾਂ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਪੁਲੀਸ ਨੇ ਕਾਰਵਾਈ ਅੱਗੇ ਵਧਾਉਂਦਿਆਂ ਅਦਾਲਤ ਵਿੱਚ ਦੋਸ਼-ਪੱਤਰ ਪੇਸ਼ ਕੀਤਾ ਹੈ।
ਪੁਲੀਸ ਅਨੁਸਾਰ ਮੁਲਜ਼ਮ ਵਿਰੁੱਧ ਭਾਰਤੀ ਨਿਆਏ ਸੰਹਿਤਾ ਅਤੇ ਅਸਲਾ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ। ਅਦਾਲਤੀ ਕਾਰਵਾਈ ਦੌਰਾਨ ਪੁਲੀਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਦੋਸ਼ਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।







