- ਜੱਜ ਦੇ ਨਾਬਾਲਗ ਪੁੱਤਰ ਨੇ ਸਕੂਟਰ ਸਵਾਰ ਨੂੰ ਮਾਰੀ ਮਰਸੀਡੀਜ਼ ਨਾਲ ਟੱਕਰ, ਹੋਈ ਮੌਤ
ਕੇਰਲਮ, 25 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕੇਰਲ ਦੇ ਕੋਚੀ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਮਰਸਿਡੀਜ਼ ਕਾਰ ਨੇ ਸਕੂਟਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 55 ਸਾਲਾ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ, ਕਾਰ ਐਡੀਸ਼ਨਲ ਸੈਸ਼ਨ ਜੱਜ ਦਾ 17 ਸਾਲਾ ਪੁੱਤਰ ਚਲਾ ਰਿਹਾ ਸੀ। ਕਾਰ ਜੱਜ ਦੇ ਨਾਂ ’ਤੇ ਰਜਿਸਟਰਡ ਹੈ। ਹਾਦਸਾ ਰਾਤ ਕਰੀਬ 2 ਤੋਂ 3 ਵਜੇ ਦਰਮਿਆਨ ਵਾਪਰਿਆ। ਘਟਨਾ ਦੀ ਸਾਹਮਣੇ ਆਈ ਵੀਡੀਓ ਵਿੱਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਨੇ ਪੁਲਿਸ ਸਟੇਸ਼ਨ ਵਿੱਚ ਨਾਬਾਲਗ ਨੂੰ ਕਾਰ ਚਲਾਉਣ ਦੀ ਇਜਾਜ਼ਤ ਦੇਣ ਬਾਰੇ ਸਵਾਲ ਉਠਾਇਆ ਤਾਂ ਜੱਜ ਨੇ ਉਨ੍ਹਾਂ ਨਾਲ ਅਪਮਾਨਜਨਕ ਲਹਿਜ਼ੇ ਵਿੱਚ ਗੱਲ ਕੀਤੀ।
30 ਸਾਲਾਂ ਤੋਂ ਪਤਨੀ ਨਾਲ ਚਲਾ ਰਿਹਾ ਸੀ ਖਾਣੇ ਦੀ ਰੇਹੜੀ
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਜੈਬਾਲਕ੍ਰਿਸ਼ਨਨ ਵਜੋਂ ਹੋਈ ਹੈ। ਉਹ ਆਪਣੀ ਪਤਨੀ ਮੰਜੂ ਨਾਲ ਪਿਛਲੇ ਕਰੀਬ 30 ਸਾਲਾਂ ਤੋਂ ਸੜਕ ਕਿਨਾਰੇ ਖਾਣੇ ਦੀ ਰੇਹੜੀ ਲਗਾ ਰਹੇ ਸਨ। ਉਹ ਮੁੱਖ ਤੌਰ ’ਤੇ ਡੋਸਾ ਸਮੇਤ ਸ਼ਾਕਾਹਾਰੀ ਭੋਜਨ ਵੇਚਦੇ ਸਨ। ਜਾਣਕਾਰੀ ਮੁਤਾਬਕ, ਜੈਬਾਲਕ੍ਰਿਸ਼ਨਨ ਨੇ ਸ਼ਨੀਵਾਰ ਰਾਤ ਚਿੱਤੂਰ ਮੰਦਰ ਨੇੜੇ ਆਪਣੀ ਦੁਕਾਨ ਬੰਦ ਕੀਤੀ ਸੀ। ਉਹ ਹਰ ਰੋਜ਼ ਸ਼ਾਮ ਕਰੀਬ 4 ਵਜੇ ਦੁਕਾਨ ਖੋਲ੍ਹਦੇ ਸਨ। ਉਹ ਅਤੇ ਉਨ੍ਹਾਂ ਦੀ ਪਤਨੀ ਰੋਜ਼ਾਨਾ ਸਕੂਟੀ ’ਤੇ ਲਗਭਗ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੁਕਾਨ ’ਤੇ ਪਹੁੰਚਦੇ ਸਨ। ਪਤਨੀ ਮੰਜੂ ਵੈਰੀਕੋਜ਼ ਵੇਨਜ਼ ਦੇ ਇਲਾਜ ਕਾਰਨ ਇੱਕ ਹਫ਼ਤੇ ਦੀ ਛੁੱਟੀ ’ਤੇ ਸੀ। ਇਸ ਲਈ ਹਾਦਸੇ ਸਮੇਂ ਜੈਬਾਲਕ੍ਰਿਸ਼ਨਨ ਇਕੱਲੇ ਘਰ ਵਾਪਸ ਜਾ ਰਹੇ ਸਨ।
ਮਾਪਿਆਂ ਦੀ ਜਾਣਕਾਰੀ ਤੋਂ ਬਿਨਾਂ ਕਾਰ ਲੈ ਕੇ ਨਿਕਲਿਆ ਸੀ ਨਾਬਾਲਗ
ਪੁਲਿਸ ਅਨੁਸਾਰ, ਮੁਲਜ਼ਮ ਅਲੁਵਾ ਦਾ ਰਹਿਣ ਵਾਲਾ ਹੈ ਅਤੇ ਉਹ ਆਪਣੇ ਮਾਪਿਆਂ ਦੀ ਜਾਣਕਾਰੀ ਤੋਂ ਬਿਨਾਂ ਮਰਸਿਡੀਜ਼-ਬੈਂਜ਼ ਕਾਰ ਲੈ ਕੇ ਨਿਕਲਿਆ ਸੀ। ਕਾਰ ਵੱਲਾਰਪਦਮ ਤੋਂ ਕਲਾਮੱਸੇਰੀ ਵੱਲ ਜਾ ਰਹੀ ਸੀ, ਜਦੋਂ ਉਸ ਨੇ ਜੈਬਾਲਕ੍ਰਿਸ਼ਨਨ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਚੇਰਾਨੇਲੂਰ ਪੁਲਿਸ ਨੇ ਨਾਬਾਲਗ ਨੂੰ ਮੌਕੇ ਤੋਂ ਹਿਰਾਸਤ ਵਿੱਚ ਲੈ ਕੇ ਕਾਰ ਜ਼ਬਤ ਕਰ ਲਈ ਹੈ। ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281 ਅਤੇ 106(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾਵਾਂ ਜਨਤਕ ਸੜਕ ’ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਲਾਪਰਵਾਹੀ ਕਾਰਨ ਮੌਤ ਹੋਣ ਨਾਲ ਸਬੰਧਤ ਹਨ।
ਪੁਲਿਸ ਨੇ ਮੁੱਢਲੀ ਜਾਂਚ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਸਮੇਂ ਨਾਬਾਲਗ ਨਸ਼ੇ ਦੀ ਹਾਲਤ ਵਿੱਚ ਨਹੀਂ ਲੱਗ ਰਿਹਾ ਸੀ। ਹਾਲਾਂਕਿ, ਅਗਲੀ ਜਾਂਚ ਲਈ ਉਸ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ।







