ਨਸ਼ਾ ਤਸਕਰੀ ’ਤੇ ED ਦੀ ਵੱਡੀ ਕਾਰਵਾਈ: 1,424 ਬੈਂਕ ਖਾਤੇ ਫ੍ਰੀਜ਼, 17.82 ਕਰੋੜ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ, 25 ਅਕਤੂਬਰ 2026: ਨਸ਼ਾ ਤਸਕਰੀ ਅਤੇ ਇਸ ਤੋਂ ਹੋਣ ਵਾਲੀ ਕਮਾਈ ਦੇ ਗੈਰ-ਕਾਨੂੰਨੀ ਲੈਣ-ਦੇਣ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ‘ਆਪ੍ਰੇਸ਼ਨ ਟ੍ਰਾਈਡੈਂਟ’ ਤਹਿਤ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਅਨੁਸਾਰ, ਮਿਜ਼ੋਰਮ ਅਤੇ ਮਨੀਪੁਰ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਨਾਰਕੋ-ਹਵਾਲਾ ਨੈੱਟਵਰਕ ਨਾਲ ਜੁੜੇ 1,424 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ।
ਇਸ ਤੋਂ ਇਲਾਵਾ, ਮਿਜ਼ੋਰਮ ਵਿੱਚ 17.82 ਕਰੋੜ ਰੁਪਏ ਦੀ ਜਾਇਦਾਦ ਵੀ ਅਸਥਾਈ ਤੌਰ ’ਤੇ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ 23 ਅਕਤੂਬਰ ਨੂੰ ਈ.ਡੀ. ਦੇ ਆਈਜ਼ੌਲ ਅਤੇ ਇੰਫਾਲ ਦਫ਼ਤਰਾਂ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਅਤੇ ਮਿਜ਼ੋਰਮ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ।
ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA), 2002 ਦੀ ਧਾਰਾ 17 ਤਹਿਤ ਆਈਜ਼ੌਲ, ਚੰਫਾਈ, ਲੌਂਗਤਲਾਈ ਅਤੇ ਮਨੀਪੁਰ ਦੇ ਚੂਰਾਚੰਦਪੁਰ ਵਿੱਚ ਤਲਾਸ਼ੀਆਂ ਲਈਆਂ ਗਈਆਂ। ਜਾਂਚ ਤਿੰਨ ਮਨੀ ਲਾਂਡਰਿੰਗ ਮਾਮਲਿਆਂ ਨਾਲ ਸਬੰਧਤ ਹੈ, ਜਿਨ੍ਹਾਂ ਵਿੱਚ ਮਿਆਂਮਾਰ ਤੋਂ ਹੈਰੋਇਨ, ਬ੍ਰਾਊਨ ਸ਼ੂਗਰ ਅਤੇ ਮੈਥਾਮਫੇਟਾਮਾਈਨ ਗੋਲੀਆਂ ਦੀ ਸਰਹੱਦ ਪਾਰ ਤਸਕਰੀ ਦੇ ਦੋਸ਼ ਸ਼ਾਮਲ ਹਨ।
ਇਸੇ ਦਿਨ ਐਨ.ਸੀ.ਬੀ. ਅਤੇ ਸਬੰਧਤ ਰਾਜਾਂ ਦੀ ਪੁਲਿਸ ਨੇ ਅਸਾਮ, ਮਿਜ਼ੋਰਮ ਅਤੇ ਮਨੀਪੁਰ ਵਿੱਚ 38 ਥਾਵਾਂ ’ਤੇ ਸਾਂਝੀ ਕਾਰਵਾਈ ਵੀ ਕੀਤੀ। ਜਾਂਚ ਏਜੰਸੀਆਂ ਦਾ ਨਿਸ਼ਾਨਾ ਨਸ਼ਾ ਤਸਕਰੀ ਦੇ ਨੈੱਟਵਰਕ ਅਤੇ ਇਸ ਨਾਲ ਜੁੜੇ ਵਿੱਤੀ ਲੈਣ-ਦੇਣ ਨੂੰ ਬੇਨਕਾਬ ਕਰਨਾ ਹੈ।







