ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਮਾਨ

Top Trending News ਪੰਜਾਬ
  • ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਮਾਨ
  • ਸਰਕਾਰੀ ਸਕੂਲਾਂ ਦੇ ਸੁਧਾਰ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸਾਡੀ ਸਰਕਾਰ ਨੌਜਵਾਨਾਂ ਲਈ ਕਰੀਅਰ ਦੇ ਕਈ ਰਾਹ ਖੋਲ੍ਹਣ ‘ਤੇ ਧਿਆਨ ਕੇਂਦਰਤ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸਰਕਾਰ ਵੱਲੋਂ ‘ਬਿਨਾਂ ਕਿਸੇ ਰਿਸ਼ਵਤ ਅਤੇ ਫ਼ਰਮਾਇਸ਼’ ਤੋਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸਾਡੀ ਸਰਕਾਰ ਨੇ 70,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਲੋਕਾਂ ਨੂੰ ਅਜਿਹੇ ਨੁਮਾਇੰਦੇ ਚੁਣਨੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਅਤੇ ਸਮੱਸਿਆਵਾਂ ਨੂੰ ਸਮਝਦੇ ਹੋਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਦੇਸ਼ ਭਗਤ ਕਾਲਜ ਵਿਖੇ ਯੁਵਕ ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਕੀਤਾ ਸੰਬੋਧਨ

ਧੂਰੀ, 25 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਸੁਧਾਰ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਰਿਸ਼ਵਤ ਅਤੇ ਫ਼ਰਮਾਇਸ਼ ਤੋਂ ਬਿਨਾਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ 70,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਧੂਰੀ ਦੇ ਪਿੰਡ ਬਰੜਵਾਲ ਸਥਿਤ ਦੇਸ਼ ਭਗਤ ਕਾਲਜ ਵਿੱਚ ਯੁਵਕ ਮੇਲੇ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿੱਖਿਆ ਅਤੇ ਸਖ਼ਤ ਮਿਹਨਤ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਨੂੰ ਅਜਿਹੇ ਚੁਣੇ ਹੋਏ ਨੁਮਾਇੰਦਿਆਂ ਦੀ ਲੋੜ ਹੈ ਜੋ ਲੋਕਾਂ ਦੇ ਦੁੱਖਾਂ ਅਤੇ ਸਮੱਸਿਆਵਾਂ ਨੂੰ ਸਮਝ ਸਕਣ।

ਇਸ ਮੌਕੇ ਦੀਆਂ ਕੁਝ ਯਾਦਾਂ ਸਾਂਝੀਆਂ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਕਸ’ ‘ਤੇ ਲਿਖਿਆ: “ਅੱਜ ਮੈਨੂੰ ਧੂਰੀ ਹਲਕੇ ਦੇ ਪਿੰਡ ਬਰੜਵਾਲ ਸਥਿਤ ਦੇਸ਼ ਭਗਤ ਕਾਲਜ ਵਿਖੇ ਕਰਵਾਏ ਖੇਤਰੀ ਯੁਵਕ ਮੇਲੇ ਦੌਰਾਨ ਨੌਜਵਾਨਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਉਤਸ਼ਾਹ ਅਤੇ ਕਲਾਤਮਕ ਹੁਨਰ ਨੂੰ ਦੇਖ ਕੇ ਮੈਨੂੰ ਆਪਣੇ ਸ਼ੁਰੂਆਤੀ ਦਿਨਾਂ ਦੀ ਯਾਦ ਆ ਗਈ, ਕਿਉਂਕਿ ਮੇਰਾ ਸਫ਼ਰ ਵੀ ਅਜਿਹੇ ਹੀ ਮੰਚਾਂ ਤੋਂ ਸ਼ੁਰੂ ਹੋਇਆ ਸੀ। ਨੌਜਵਾਨਾਂ ਨੂੰ ਮੇਰੀ ਸਲਾਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੀ ਆਪਣੇ ਆਪ ਵਿੱਚ ਸਭ ਤੋਂ ਵੱਡੀ ਜਿੱਤ ਹੈ। ਜਿਹੜੇ ਜਿੱਤਦੇ ਹਨ, ਉਨ੍ਹਾਂ ਨੂੰ ਨਿਮਰ ਰਹਿਣਾ ਚਾਹੀਦਾ ਹੈ ਅਤੇ ਜਿਹੜੇ ਹਾਰ ਜਾਂਦੇ ਹਨ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਸਾਡੀ ਸਰਕਾਰ ਨੇ ਬਿਨਾਂ ਕਿਸੇ ਸਿਫ਼ਾਰਿਸ਼ ਜਾਂ ਰਿਸ਼ਵਤ ਦੇ ਨੌਜਵਾਨਾਂ ਨੂੰ 70,000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਤੁਸੀਂ ਬਸ ਆਪਣੀ ਪੜ੍ਹਾਈ ਅਤੇ ਸਖ਼ਤ ਮਿਹਨਤ ‘ਤੇ ਧਿਆਨ ਦਿਓ। ਪੰਜਾਬ ਸਰਕਾਰ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ।”

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨੌਜਵਾਨਾਂ ਦੀ ਊਰਜਾ, ਹੁਨਰ ਅਤੇ ਰਚਨਾਤਮਕਤਾ ਪੰਜਾਬ ਦਾ ਸਭ ਤੋਂ ਵੱਡਾ ਸਰਮਾਇਆ ਹਨ ਅਤੇ ਸੂਬੇ ਦਾ ਭਵਿੱਖ ਇਨ੍ਹਾਂ ਗੁਣਾਂ ਨੂੰ ਨਿਖਾਰਨ ਅਤੇ ਨੌਜਵਾਨਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਸਾਰਥਕ ਮੌਕੇ ਪ੍ਰਦਾਨ ਕਰਨ ‘ਤੇ ਨਿਰਭਰ ਕਰਦਾ ਹੈ।”

ਮੁੱਖ ਮੰਤਰੀ ਨੇ ਕਿਹਾ, “ਸਿੱਖਿਆ ਕਲਾਸਰੂਮਾਂ, ਪਾਠ-ਪੁਸਤਕਾਂ ਅਤੇ ਪ੍ਰੀਖਿਆ ਦੇ ਨਤੀਜਿਆਂ ਤੋਂ ਪਰੇ ਹੋਣੀ ਚਾਹੀਦੀ ਹੈ। ਅਸਲ ਸਿੱਖਿਆ ਸੁਤੰਤਰ ਸੋਚ, ਜ਼ਿੰਮੇਵਾਰੀ ਦੀ ਮਜ਼ਬੂਤ ਭਾਵਨਾ, ਆਪਣੀਆਂ ਸੱਭਿਆਚਾਰਕ ਜੜ੍ਹਾਂ ਪ੍ਰਤੀ ਸਤਿਕਾਰ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਵਾਲੇ ਆਤਮਵਿਸ਼ਵਾਸੀ ਵਿਅਕਤੀ ਪੈਦਾ ਕਰਨ ਵਿੱਚ ਹੈ।”

ਯੁਵਕ ਮੇਲਿਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਛੁਪੇ ਹੋਏ ਹੁਨਰਾਂ ਦਾ ਪਤਾ ਲਗਾਉਣ, ਝਿਜਕ ਨੂੰ ਦੂਰ ਕਰਨ, ਆਤਮ-ਵਿਸ਼ਵਾਸ ਵਿਕਸਤ ਕਰਨ ਅਤੇ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਮੁਕਾਬਲੇ ਵਿੱਚ ਵੱਡਮੁੱਲੇ ਸਬਕ ਸਿੱਖਣ ਦੇ ਯੋਗ ਬਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ, “ਇਹ ਮੰਚ ਵਿਦਿਆਰਥੀਆਂ ਨੂੰ ਇੱਕ ਦੂਜੇ ਤੋਂ ਸਿੱਖਣ, ਆਪਣੇ ਸੋਚ ਦੇ ਦਾਇਰੇ ਨੂੰ ਵੱਡਾ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਵੀ ਕਰਦੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਯੁਵਕ ਮੇਲੇ ਵਿੱਚ 39 ਕਾਲਜਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਦੇਖ ਦੇ ਬੇਹੱਦ ਖੁਸ਼ੀ ਪ੍ਰਗਟ ਕੀਤੀ। ਇਸ ਦੌਰਾਨ ਚਾਰ ਪੜਾਵਾਂ ਵਿੱਚ 60 ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ, “ਵਿਦਿਆਰਥੀ ਸੱਭਿਆਚਾਰਕ ਅਤੇ ਸਾਹਿਤਕ ਮੁਕਾਬਲਿਆਂ ਦੀ ਵਿਸ਼ਾਲ ਸ਼੍ਰੇਣੀ ਰਾਹੀਂ ਆਪਣੀਆਂ ਕਲਾਤਮਕ ਯੋਗਤਾਵਾਂ, ਰਚਨਾਤਮਕਤਾ ਅਤੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਜ਼ਿੰਦਾਦਿਲੀ ਅਤੇ ਸਮਰੱਥਾਵਾਂ ਨੂੰ ਦਰਸਾਉਂਦੇ ਹਨ।” ਉਨ੍ਹਾਂ ਨੇ ਕਈ ਦਹਾਕਿਆਂ ਤੋਂ ਯੁਵਕ ਮੇਲੇ ਕਰਵਾਉਣ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਇਸ ਦੇ ਯੁਵਕ ਭਲਾਈ ਵਿਭਾਗ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

ਮੁੱਖ ਮੰਤਰੀ ਨੇ ਕਿਹਾ, ‘‘ਇਨ੍ਹਾਂ ਉਪਰਾਲਿਆਂ ਨੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ, ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।’’

ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਵਿਲੱਖਣ ਯੋਗਤਾਵਾਂ ਅਤੇ ਸਮਰੱਥਾ ਹੁੰਦੀ ਹੈ। ਭਾਵੇਂ ਹਾਲਾਤ ਅਤੇ ਮੌਕੇ ਕਿਹੋ ਜਿਹੇ ਵੀ ਹੋਣ ਪਰ ਦ੍ਰਿੜ ਇਰਾਦਾ, ਸਮਰਪਣ ਅਤੇ ਸਖ਼ਤ ਮਿਹਨਤ ਨਾਲ ਨੌਜਵਾਨਾਂ ਸਾਰੀਆਂ ਰੁਕਾਵਟਾਂ ਪਾਰ ਕਰਕੇ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, ‘‘ਸਿੱਖਿਆ ਸੰਸਥਾਵਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਸਮਰੱਥਾ ਦੀ ਪਛਾਣ ਕਰਨ, ਸਹੀ ਮਾਹੌਲ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹੌਸਲਾ-ਅਫਜ਼ਾਈ ਦੀ ਘਾਟ ਕਾਰਨ ਕੋਈ ਵੀ ਪ੍ਰਤਿਭਾ ਅਣਗੌਲੀ ਨਾ ਰਹੇ।’’

ਮੁੱਖ ਮੰਤਰੀ ਨੇ ਕਿਹਾ, ‘‘ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ-ਧਾਰਕ ਪੈਦਾ ਕਰਨਾ ਹੀ ਨਹੀਂ ਸਗੋਂ ਅਜਿਹੇ ਜਾਗਰੂਕ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਹੈ ਜੋ ਸਮਾਜ ਵਿੱਚ ਸਾਰਥਕ ਯੋਗਦਾਨ ਪਾ ਸਕਣ।’’

ਉਨ੍ਹਾਂ ਕਿਹਾ ਕਿ ਸੰਗੀਤ, ਨਾਚ, ਥੀਏਟਰ, ਸਾਹਿਤ ਅਤੇ ਲੋਕ ਕਲਾਵਾਂ ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਭਾਵਨਾਤਮਕ ਸੂਝ, ਰਚਨਾਤਮਕ ਸੋਚ, ਆਪਸੀ ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ, ਜੋ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਲਈ ਬੇਹੱਦ ਜ਼ਰੂਰੀ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸਾਡੇ ਲੋਕਾਂ ਲਈ ਮਾਣ ਅਤੇ ਪਛਾਣ ਦਾ ਸਰੋਤ ਹੈ। ਯੁਵਕ ਮੇਲੇ ਅਤੇ ਲੋਕ ਮੇਲੇ ਵੱਖ-ਵੱਖ ਪੀੜ੍ਹੀਆਂ ਵਿਚਕਾਰ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸੂਬੇ ਦੇ ਰਵਾਇਤੀ ਕਲਾ ਰੂਪ, ਲੋਕ ਸੰਗੀਤ, ਨਾਚ ਅਤੇ ਦੇਸੀ ਖੇਡਾਂ ਲਗਾਤਾਰ ਪ੍ਰਫੁੱਲਤ ਹੁੰਦੀਆਂ ਰਹਿਣ।’’

ਨੌਜਵਾਨਾਂ ਨੂੰ ਨਵੇਂ ਵਿਚਾਰ ਖੋਜਦਿਆਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕਰਦਿਆਂ, ਮੁੱਖ ਮੰਤਰੀ ਨੇ ਕਿਹਾ, ‘‘ਅਜਿਹੇ ਮੰਚ ਸੱਭਿਆਚਾਰਕ ਸੰਭਾਲ ਅਤੇ ਆਧੁਨਿਕ ਇੱਛਾਵਾਂ ਵਿਚਕਾਰ ਸਾਰਥਕ ਸੰਤੁਲਨ ਕਾਇਮ ਕਰਦੇ ਹਨ। ਖੇਤਰੀ, ਅੰਤਰ-ਜ਼ੋਨਲ ਅਤੇ ਰਾਸ਼ਟਰੀ ਪੱਧਰ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਮੌਕੇ ਵਿਦਿਆਰਥੀਆਂ ਨੂੰ ਉੱਚੇ ਟੀਚੇ ਮਿੱਥਣ ਅਤੇ ਵੱਡੇ ਮੰਚਾਂ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਉਤਸ਼ਾਹਿਤ ਕਰਦੇ ਹਨ। ਇਹ ਤਜਰਬੇ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਵਿਦਿਅਕ ਸੰਸਥਾਵਾਂ ਦੀਆਂ ਹੱਦਾਂ ਤੋਂ ਪਾਰ ਜਾ ਕੇ ਸਿਖ਼ਰ ਵੱਲ ਜਾਣ ਲਈ ਪ੍ਰੇਰਦੇ ਹਨ।

ਯੁਵਕ ਮੇਲੇ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਰਥਕ ਉਪਰਾਲਾ ਦੱਸਦਿਆਂ ਉਨ੍ਹਾਂ ਕਿਹਾ, “ਨੌਜਵਾਨਾਂ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਪੰਜਾਬ ਦੇ ਭਵਿੱਖ ਵਿੱਚ ਨਿਵੇਸ਼ ਕਰਨਾ। ਨੌਜਵਾਨਾਂ ਨੂੰ ਆਪਣੀਆਂ ਸਮਰੱਥਾਵਾਂ ਦੀ ਉਸਾਰੂ ਵਰਤੋਂ ਕਰਨ, ਆਪਣੇ ਚੁਣੇ ਹੋਏ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਅਤੇ ਸੂਬੇ ਦੀ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’’”

ਉਨ੍ਹਾਂ ਕਿਹਾ,“ ‘ਰੰਗਲਾ ਪੰਜਾਬ’ ਤਾਂ ਹੀ ਬਣਾਇਆ ਜਾ ਸਕਦਾ ਹੈ ਜਦੋਂ ਸਾਡੇ ਨੌਜਵਾਨਾਂ ਨੂੰ ਗਿਆਨ, ਆਤਮਵਿਸ਼ਵਾਸ, ਸਿਰਜਣਾਤਮਕਤਾ ਅਤੇ ਉਦੇਸ਼ ਦੀ ਮਜ਼ਬੂਤ ਭਾਵਨਾ ਨਾਲ ਸਮਰੱਥ ਬਣਾਇਆ ਜਾਵੇ।”

ਮੁੱਖ ਮੰਤਰੀ ਨੇ ਕਿਹਾ, “ਪ੍ਰਤਿਭਾ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਅਤੇ ਸਕਾਰਾਤਮਕ ਕਦਰਾਂ-ਕੀਮਤਾਂ ਪੈਦਾ ਕਰਨ ਵਾਲੇ ਪਲੇਟਫਾਰਮ ਵਿਦਿਆਰਥੀਆਂ ਨੂੰ ਸਮਰੱਥ ਆਗੂ ਅਤੇ ਜ਼ਿੰਮੇਵਾਰ ਨਾਗਰਿਕਾਂ ਵਿੱਚ ਬਦਲਣ ’ਚ ਮਦਦ ਕਰਦੇ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਅਤੇ ਕਦੇ ਵੀ ਆਪਣੀ ਸਮਰੱਥਾ ਨੂੰ ਘੱਟ ਨਾ ਸਮਝਣ ਦੀ ਅਪੀਲ ਕੀਤੀ।

ਨੌਜਵਾਨਾਂ ਨੂੰ ਨਵੇਂ ਮੌਕਿਆਂ ਨੂੰ ਅਪਣਾਉਂਦਿਆਂ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਪ੍ਰਾਪਤੀਆਂ ਸੂਬੇ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਸਪੱਸ਼ਟ ਕੀਤਾ,“ਯੁਵਕ ਮੇਲਾ ਨੌਜਵਾਨ ਪ੍ਰਤਿਭਾ ਦਾ ਜਸ਼ਨ ਹੈ, ਪੰਜਾਬ ਦੀ ਸੱਭਿਆਚਾਰਕ ਅਮੀਰੀ ਨੂੰ ਸਮਰਪਿਤ ਹੈ ਅਤੇ ਇਹ ਯਾਦ ਦਿਵਾਉਂਦਾ ਹੈ ਕਿ ਜਦੋਂ ਨੌਜਵਾਨਾਂ ਨੂੰ ਸਹੀ ਮੰਚ, ਉਤਸ਼ਾਹ ਅਤੇ ਮੌਕੇ ਦਿੱਤੇ ਜਾਂਦੇ ਹਨ ਤਾਂ ਉਹ ਮਜ਼ਬੂਤ, ਵਧੇਰੇ ਜੀਵੰਤ ਅਤੇ ‘ਰੰਗਲਾ ਪੰਜਾਬ’ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।’’