- ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ, ਓਵਰਡੋਜ਼ ਦੀ ਚਰਚਾ
ਲੁਧਿਆਣਾ, 25 ਅਕਤੂਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਠੂਰ ਵਿੱਚ ਐਤਵਾਰ ਸਵੇਰੇ ਨੌਜਵਾਨ ਬਲਕਰਨ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਚਰਚਾ ਸ਼ੁਰੂ ਹੋ ਗਈ। ਹਾਲਾਂਕਿ, ਹਠੂਰ ਪੁਲਿਸ ਨੇ ਇਨ੍ਹਾਂ ਚਰਚਾਵਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਨੌਜਵਾਨ ਦੀ ਮੌਤ ਸੌਂਦੇ ਸਮੇਂ ਸਾਈਲੈਂਟ ਅਟੈਕ ਆਉਣ ਕਾਰਨ ਹੋਈ।
ਪਿੰਡ ਦੇ ਸਰਪੰਚ ਜਸਕਮਲ ਪ੍ਰੀਤ ਸਿੰਘ ਅਨੁਸਾਰ, ਬਲਕਰਨ ਸਿੰਘ ਪਹਿਲਾਂ ਨਸ਼ਾ ਕਰਨ ਦਾ ਆਦੀ ਸੀ ਅਤੇ ਕੁਝ ਸਮਾਂ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਰਹਿ ਚੁੱਕਾ ਸੀ। ਐਤਵਾਰ ਸਵੇਰੇ ਕਰੀਬ 4 ਵਜੇ ਉਸ ਦੀ ਦਾਦੀ ਉਸ ਨੂੰ ਚਾਹ ਦੇ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਗਈ। ਵਾਪਸ ਆਉਣ ’ਤੇ ਬਲਕਰਨ ਦੀ ਮੌਤ ਹੋ ਚੁੱਕੀ ਸੀ।
ਥਾਣਾ ਹਠੂਰ ਦੇ ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਸੀ। ਮੁੱਢਲੀ ਜਾਂਚ ਮੁਤਾਬਕ, ਨੌਜਵਾਨ ਦੀ ਨੀਂਦ ਦੌਰਾਨ ਸਾਈਲੈਂਟ ਅਟੈਕ ਆਉਣ ਕਾਰਨ ਮੌਤ ਹੋਈ। ਪੁਲਿਸ ਨੇ ਕਿਹਾ ਕਿ ਕੁਝ ਲੋਕ ਬਿਨਾਂ ਪੂਰੀ ਜਾਣਕਾਰੀ ਦੇ ਓਵਰਡੋਜ਼ ਸਬੰਧੀ ਚਰਚਾ ਕਰ ਰਹੇ ਹਨ। ਦੂਜੇ ਪਾਸੇ, ਪਿੰਡ ਦੇ ਕੁਝ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ ਜਤਾਇਆ ਹੈ।
ਪੋਸਟਮਾਰਟਮ ਨਾ ਹੋਣ ਕਾਰਨ ਬਲਕਰਨ ਸਿੰਘ ਦੀ ਮੌਤ ਦੇ ਅਸਲ ਕਾਰਨ ਦੀ ਡਾਕਟਰੀ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਮੁਤਾਬਕ, ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਐਤਵਾਰ ਦੁਪਹਿਰ ਬਾਅਦ ਪਰਿਵਾਰ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।







