ਵੱਡੀ ਖ਼ਬਰ: ਦਲੇਰ ਮਹਿੰਦੀ ਤੋਂ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਮੰਗੀ ਮੁਆਫ਼ੀ; ਮੇਲੇ ਦੌਰਾਨ ਸਟੇਜ਼ ‘ਤੇ ਕੀਤਾ ਸੀ ਬੇਇੱਜਤ
ਮੁੱਖ ਮੰਤਰੀ ਧਾਮੀ ਨੇ ਵੀ ਮਹਿੰਦੀ ਭਰਾਵਾਂ ਨਾਲ ਗੱਲ ਕਰਦਿਆਂ ਪ੍ਰਗਟਾਇਆ ਸੀ ਅਫ਼ਸੋਸ, ਮੀਕਾ ਸਿੰਘ ਦੀ ਟੀਮ ਨੇ ਕੀਤਾ ਸਵਾਗਤ
ਦੇਹਰਾਦੂਨ 26 ਅਕਤੂਬਰ 2026:
ਉੱਤਰਾਖੰਡ ਦੇ ਚਰਚਿਤ ਕੁੰਜਾਪੁਰੀ ਦੇਵੀ ਮੇਲੇ ਦੌਰਾਨ ਮਸ਼ਹੂਰ ਗਾਇਕ ਦਲੇਰ ਮਹਿੰਦੀ ਨਾਲ ਮੰਚ ’ਤੇ ਹੋਏ ਕਥਿਤ ਦੁਰਵਿਵਹਾਰ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਤੋਂ ਫ਼ੋਨ ’ਤੇ ਮੁਆਫ਼ੀ ਮੰਗ ਲਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮਹਿੰਦੀ ਭਰਾਵਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਵੱਲੋਂ ਅਫ਼ਸੋਸ ਪ੍ਰਗਟਾਇਆ ਸੀ।
ਮੰਤਰੀ ਵੱਲੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਦਲੇਰ ਮਹਿੰਦੀ ਦੇ ਛੋਟੇ ਭਰਾ ਅਤੇ ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਟੀਮ ਨੇ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਟੀਮ ਨੇ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਦਰ ਕਰਦੇ ਹਨ।
ਬਿਆਨ ਵਿੱਚ ਕਲਾਕਾਰਾਂ ਦੇ ਮਾਣ-ਸਨਮਾਨ ਦੀ ਰਾਖੀ ਨੂੰ ਅਹਿਮ ਦੱਸਦਿਆਂ ਕਿਹਾ ਗਿਆ ਕਿ ਕਿਸੇ ਵੀ ਕਲਾਕਾਰ ਦੀ ਇੱਜ਼ਤ ਅਤੇ ਮਰਿਆਦਾ ਕਾਇਮ ਰੱਖਣਾ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਕੁੰਜਾਪੁਰੀ ਦੇਵੀ ਮੇਲੇ ਵਿੱਚ ਦਲੇਰ ਮਹਿੰਦੀ ਨਾਲ ਮੰਚ ’ਤੇ ਹੋਏ ਵਿਵਹਾਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਹੁਣ ਮੰਤਰੀ ਵੱਲੋਂ ਮੁਆਫ਼ੀ ਮੰਗੇ ਜਾਣ ਅਤੇ ਮੀਕਾ ਸਿੰਘ ਦੀ ਟੀਮ ਵੱਲੋਂ ਪ੍ਰਤੀਕਿਰਿਆ ਦਿੱਤੇ ਜਾਣ ਨਾਲ ਇਹ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।







