ਵੱਡੀ ਖ਼ਬਰ: ਝੋਨੇ ਦੀ ਖ਼ਰੀਦ ਵਿਚਾਲੇ ਪੰਜਾਬ ਦੀਆਂ 35 ਮੰਡੀਆਂ ਬੰਦ ਕਰਨ ਦੇ ਹੁਕਮ, ਕਿਸਾਨਾਂ ਦੀ ਵਧੀ ਪ੍ਰੇਸ਼ਾਨੀ
ਚੰਡੀਗੜ੍ਹ 28 ਅਕਤੂਬਰ 2026
ਪੰਜਾਬ ਵਿਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਜਾਰੀ ਹੋਣ ਦੇ ਬਾਵਜੂਦ ਪੰਜਾਬ ਮੰਡੀ ਬੋਰਡ ਨੇ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਹੁਕਮ ਮੰਗਲਵਾਰ ਸ਼ਾਮ 5 ਵਜੇ ਤੋਂ ਲਾਗੂ ਕਰਨ ਲਈ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ।
ਪੱਤਰ ਵਿਚ ਦੱਸਿਆ ਗਿਆ ਹੈ ਕਿ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਦੀ ਸਿਫ਼ਾਰਸ਼ ਦੇ ਆਧਾਰ ’ਤੇ ਇਨ੍ਹਾਂ ਮੰਡੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਮੰਡੀ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਬਾਕੀ ਸਾਰੇ ਮੁੱਖ ਯਾਰਡ, ਸਬ-ਯਾਰਡ ਅਤੇ ਖ਼ਰੀਦ ਕੇਂਦਰ ਪਹਿਲਾਂ ਵਾਂਗ ਚਾਲੂ ਰਹਿਣਗੇ। ਹਾਲਾਂਕਿ, ਜਿਨ੍ਹਾਂ ਮੰਡੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਕਈ ਮੰਡੀਆਂ ਵਿਚ ਅਜੇ ਵੀ ਝੋਨੇ ਦੀ ਆਮਦ ਜਾਰੀ ਹੈ।
ਖ਼ਰੀਦ ਸੀਜ਼ਨ ਦੇ ਵਿਚਕਾਰ ਮੰਡੀਆਂ ਬੰਦ ਕਰਨ ਦੇ ਫ਼ੈਸਲੇ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ। ਕਿਸਾਨਾਂ ਲਈ ਆਪਣੀ ਫ਼ਸਲ ਵੇਚਣ ਅਤੇ ਖ਼ਰੀਦ ਪ੍ਰਬੰਧਾਂ ਸਬੰਧੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।







