ਜ਼ਮੀਨ ਹੇਠਾਂ ਦੱਬੇ ਤਿੰਨ ਨੀਲੇ ਡਰੰਮਾਂ ’ਚੋਂ ਮਿਲੇ 3.20 ਕਰੋੜ ਰੁਪਏ, ਇਨਕਮ ਟੈਕਸ ਵਿਭਾਗ ਵੱਲੋਂ ਘਰ ਦੀ ਖੁਦਾਈ ਜਾਰੀ
ਪ੍ਰਯਾਗਰਾਜ, 1 ਨਵੰਬਰ 2026: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਜ਼ਮੀਨ ਹੇਠਾਂ ਲੁਕਾ ਕੇ ਰੱਖੀ ਕਰੋੜਾਂ ਰੁਪਏ ਦੀ ਨਕਦੀ ਮਿਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਜਾਂਚ ਤੇਜ਼ ਹੋ ਗਈ ਹੈ। ਨਵਾਬਗੰਜ ਥਾਣਾ ਖੇਤਰ ਦੇ ਬਰਈਪੁਰ ਰਾਮਨਗਰ ਪਿੰਡ ਵਿੱਚ 28 ਅਕਤੂਬਰ ਨੂੰ ਜ਼ਮੀਨ ਹੇਠਾਂ ਦੱਬੇ ਤਿੰਨ ਨੀਲੇ ਡਰੰਮ ਮਿਲੇ ਸਨ, ਜਿਨ੍ਹਾਂ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ।
ਇਨਕਮ ਟੈਕਸ ਵਿਭਾਗ ਦੀ ਟੀਮ ਨੇ ਨੋਟਾਂ ਦੀ ਗਿਣਤੀ ਪੂਰੀ ਕਰ ਲਈ ਹੈ। ਇਸ ਦੌਰਾਨ ਕੁੱਲ 3 ਕਰੋੜ 20 ਲੱਖ 93 ਹਜ਼ਾਰ ਰੁਪਏ ਮਿਲੇ ਹਨ। ਹਾਲਾਂਕਿ ਨਕਦੀ ਦੀ ਗਿਣਤੀ ਮੁਕੰਮਲ ਹੋਣ ਦੇ ਬਾਵਜੂਦ ਜਾਂਚ ਜਾਰੀ ਹੈ ਅਤੇ ਘਰ ਦੇ ਕਮਰਿਆਂ ਤੇ ਵਿਹੜੇ ਵਿੱਚ ਹੋਰ ਪੈਸੇ ਲੁਕਾਏ ਹੋਣ ਦੇ ਸ਼ੱਕ ਕਾਰਨ ਖੁਦਾਈ ਕਰਵਾਈ ਜਾ ਰਹੀ ਹੈ।
ਵਿਭਾਗ ਨੇ ਘਰ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਹਨ। ਘਰ ਵਿੱਚ ਰਹਿਣ ਵਾਲੇ ਰਾਜੇਸ਼ ਅਤੇ ਰਾਕੇਸ਼ ਯਾਦਵ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਇੰਨੀ ਵੱਡੀ ਰਕਮ ਕਿੱਥੋਂ ਆਈ ਅਤੇ ਇਸ ਨੂੰ ਜ਼ਮੀਨ ਹੇਠਾਂ ਕਿਉਂ ਲੁਕਾਇਆ ਗਿਆ ਸੀ।
ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਵੀ ਮਕਾਨ ਦੀ ਨੀਂਹ ਪੁੱਟਦਿਆਂ 700 ਤੋਂ ਵੱਧ ਪੁਰਾਣੇ ਚਾਂਦੀ ਦੇ ਸਿੱਕੇ ਮਿਲਣ ਦਾ ਮਾਮਲਾ ਚਰਚਾ ਵਿੱਚ ਹੈ। ਪੁਲਿਸ ਨੇ ਇਸ ਸਬੰਧੀ ਜਾਂਚ ਕਰਦਿਆਂ 144 ਸਿੱਕੇ ਅਤੇ 2.38 ਲੱਖ ਰੁਪਏ ਬਰਾਮਦ ਕੀਤੇ ਹਨ।







