ਭੰਮੇ ਕਲਾਂ ਵਾਲੇ ਦਲਜੀਤ ਸਿੰਘ ਦੀ ਮੌਤ ਮਾਮਲੇ ’ਚ ਹੋਇਆ ਨਵਾਂ ਖੁਲਾਸਾ, ਪੜ੍ਹੋ ਵੇਰਵਾ

Top Trending News ਪੰਜਾਬ
  • ਭੰਮੇ ਕਲਾਂ ਵਾਲੇ ਦਲਜੀਤ ਸਿੰਘ ਦੀ ਮੌਤ ਮਾਮਲੇ ’ਚ ਹੋਇਆ ਨਵਾਂ ਖੁਲਾਸਾ, ਪੜ੍ਹੋ ਵੇਰਵਾ

ਮਾਨਸਾ, 11 ਨਵੰਬਰ (ਦੇਸ਼ ਕਲਿੱਕ ਬਿਊਰੋ): ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ (35) ਦੀ ਮੌਤ ਦੇ ਮਾਮਲੇ ਵਿੱਚ ਮੈਡੀਕਲ ਜਾਂਚ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੋਸਟਮਾਰਟਮ ਦੌਰਾਨ ਲਏ ਗਏ ਪਿਸ਼ਾਬ ਦੇ ਨਮੂਨੇ ਦੀ ਜਾਂਚ ਵਿੱਚ ਮੋਰਫਿਨ ਅਤੇ ਬੈਂਜੋਡਾਇਜ਼ੇਪੀਨ ਦੀ ਮੌਜੂਦਗੀ ਮਿਲੀ ਹੈ। ਹਾਲਾਂਕਿ, ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਤੱਥਾਂ ਦੇ ਆਧਾਰ ’ਤੇ ਮੌਤ ਦਾ ਕਾਰਨ ਤੈਅ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਐੱਸਐੱਸਪੀ ਮੁਤਾਬਕ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਰਿਪੋਰਟ ਵਿੱਚ ਮ੍ਰਿਤਕ ਦੇ ਸਰੀਰ ਵਿੱਚ ਮੋਰਫਿਨ ਦੀ ਮੌਜੂਦਗੀ ਦਾ ਜ਼ਿਕਰ ਹੈ, ਪਰ ਸਿਰਫ਼ ਇਸ ਤੱਥ ਨੂੰ ਮੌਤ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਦਲਜੀਤ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਮੈਡੀਕਲ ਮਾਹਿਰਾਂ ਅਨੁਸਾਰ ਜਾਂਚ ਦੌਰਾਨ ਪਿਸ਼ਾਬ ਦੇ ਨਮੂਨੇ ਵਿੱਚ ਮੋਰਫਿਨ ਅਤੇ ਬੈਂਜੋਡਾਇਜ਼ੇਪੀਨ ਪਾਜ਼ੀਟਿਵ ਪਾਏ ਗਏ ਹਨ। ਮੋਰਫਿਨ ਓਪੀਓਇਡ ਸ਼੍ਰੇਣੀ ਦਾ ਪਦਾਰਥ ਹੈ, ਜਦਕਿ ਬੈਂਜੋਡਾਇਜ਼ੇਪੀਨ ਦਵਾਈਆਂ ਦਾ ਇੱਕ ਸਮੂਹ ਹੈ, ਜਿਸ ਦੀ ਵਰਤੋਂ ਆਮ ਤੌਰ ’ਤੇ ਚਿੰਤਾ ਅਤੇ ਨੀਂਦ ਨਾਲ ਸਬੰਧਤ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਦੀ ਸਵੇਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਨੰਦੀ ਨੇੜੇ ਖੇਤਾਂ ਵਿੱਚੋਂ ਮਿਲੀ ਸੀ। ਉਸ ਦੀ ਮੌਤ ਤੋਂ ਅੱਠਵੇਂ ਦਿਨ ਅੰਤਿਮ ਸਸਕਾਰ ਕੀਤਾ ਗਿਆ ਸੀ।

ਦਲਜੀਤ ਦੀ ਮੌਤ ਤੋਂ ਬਾਅਦ ਹੁਣ ਤੱਕ ਕੀ ਹੋਇਆ ?
27 ਅਕਤੂਬਰ ਨੂੰ ਖੇਤਾਂ ’ਚੋਂ ਮਿਲੀ ਸੀ ਲਾਸ਼: ਦਲਜੀਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮੁੱਢਲੀ ਜਾਂਚ ਵਿੱਚ ਕਤਲ ਦਾ ਖ਼ਦਸ਼ਾ ਜਤਾਇਆ ਸੀ। ਪਿਤਾ ਜਰਨੈਲ ਸਿੰਘ ਦੀ ਸ਼ਿਕਾਇਤ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਿਵਾਰ ਨੇ ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ ਜਤਾਇਆ: ਦੂਜੇ ਪਾਸੇ, ਪਰਿਵਾਰ ਦਾ ਦੋਸ਼ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ। ਉਸ ਦੀ ਪਤਨੀ ਪਰਮਜੀਤ ਕੌਰ ਮੁਤਾਬਕ ਦਲਜੀਤ ਪਹਿਲਾਂ ਨਸ਼ੇ ਦਾ ਆਦੀ ਸੀ, ਪਰ ਉਸ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਨਸ਼ਾ ਛੱਡ ਦਿੱਤਾ ਸੀ। ਪਰਿਵਾਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਲਾਸ਼ ਲਿਜਾਣ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ: 27 ਅਕਤੂਬਰ ਨੂੰ ਪਰਿਵਾਰ ਅਤੇ ਪਿੰਡ ਵਾਸੀ ਦਲਜੀਤ ਦੀ ਲਾਸ਼ ਲੈ ਕੇ ਮਾਨਸਾ ਵਿੱਚ ਚੱਲ ਰਹੇ ਝੋਟਾ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਰਾਮਦਿੱਤੇਵਾਲਾ ਚੌਕ ਨੇੜੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਣਾਅ ਅਤੇ ਟਕਰਾਅ ਹੋਇਆ। ਪਰਿਵਾਰ ਨੇ ਪੁਲਿਸ ’ਤੇ ਲਾਠੀਚਾਰਜ ਕਰਨ ਅਤੇ ਜ਼ਬਰਦਸਤੀ ਲਾਸ਼ ਕਬਜ਼ੇ ਵਿੱਚ ਲੈਣ ਦੇ ਦੋਸ਼ ਲਾਏ ਸਨ।

28 ਅਕਤੂਬਰ ਨੂੰ AIIMS ਬਠਿੰਡਾ ’ਚ ਪੋਸਟਮਾਰਟਮ: ਘਟਨਾ ਤੋਂ ਬਾਅਦ ਪੁਲਿਸ ਲਾਸ਼ ਨੂੰ ਏਮਜ਼ ਬਠਿੰਡਾ ਲੈ ਗਈ, ਜਿੱਥੇ 28 ਅਕਤੂਬਰ ਨੂੰ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਪੁਲਿਸ ਟੀਮ ’ਤੇ ਹਮਲੇ ਦੇ ਦੋਸ਼ਾਂ ਤਹਿਤ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਅਧੀਨ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਸੀ ਕਿ ਭੀੜ ਨੇ ਮੁਲਾਜ਼ਮਾਂ ’ਤੇ ਹਮਲਾ ਕੀਤਾ ਸੀ।

ਭੈਣ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸੀਬੀਆਈ ਜਾਂਚ, ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੇ ਬੋਰਡ ਤੋਂ ਮੁੜ ਪੋਸਟਮਾਰਟਮ ਅਤੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਪਟੀਸ਼ਨ ਵਿੱਚ ਪੁਲਿਸ ’ਤੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਸ਼ ਕਬਜ਼ੇ ਵਿੱਚ ਲੈਣ ਅਤੇ ਪ੍ਰਦਰਸ਼ਨਕਾਰੀਆਂ ’ਤੇ ਤਾਕਤ ਵਰਤਣ ਦੇ ਦੋਸ਼ ਲਾਏ ਗਏ ਸਨ।

ਹਾਈਕੋਰਟ ਨੇ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ: ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਸੀ ਕਿ ਪੁਲਿਸ ਨੇ ਦਲਜੀਤ ਦੀ ਲਾਸ਼ ਪਰਿਵਾਰ ਤੋਂ ਆਪਣੇ ਕਬਜ਼ੇ ਵਿੱਚ ਕਿਉਂ ਲਈ ਅਤੇ ਅਜਿਹਾ ਕਰਨ ਨਾਲ ਪੁਲਿਸ ਨੂੰ ਕੀ ਹਾਸਲ ਹੋਇਆ? ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਹਰ ਮ੍ਰਿਤਕ ਵਿਅਕਤੀ ਨੂੰ ਸਨਮਾਨ ਨਾਲ ਅੰਤਿਮ ਸੰਸਕਾਰ ਕੀਤੇ ਜਾਣ ਦਾ ਅਧਿਕਾਰ ਹੈ।