Big Breaking: CM ਮਾਨ ਦਾ ਵੱਡਾ ਐਲਾਨ! ਪੰਜਾਬ ਦੇ 24.84 ਲੱਖ ਬਿਜਲੀ ਖਪਤਕਾਰਾਂ ਨੂੰ ਮਿਲੇਗੀ ਰਾਹਤ, ਬਕਾਇਆ ਬਿੱਲਾਂ ’ਤੇ ਜੁਰਮਾਨਾ ਅਤੇ ਵਿਆਜ ਹੋਵੇਗਾ ਮੁਆਫ਼
ਚੰਡੀਗੜ੍ਹ, 13 ਨਵੰਬਰ 2026: ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਨ ਟਾਈਮ ਸੈਟਲਮੈਂਟ (OTS) ਸਕੀਮ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ 31 ਮਾਰਚ 2026 ਤੱਕ ਦੇ ਬਕਾਇਆ ਘਰੇਲੂ ਬਿਜਲੀ ਬਿੱਲਾਂ ’ਤੇ ਲੱਗਿਆ ਜੁਰਮਾਨਾ, ਪੈਨਲਟੀ ਅਤੇ ਵਿਆਜ ਮੁਆਫ਼ ਕੀਤਾ ਜਾਵੇਗਾ। ਖਪਤਕਾਰਾਂ ਨੂੰ ਸਿਰਫ਼ ਬਿਜਲੀ ਬਿੱਲ ਦੀ ਮੂਲ ਰਕਮ ਹੀ ਅਦਾ ਕਰਨੀ ਪਵੇਗੀ।
ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਸਕੀਮ ਦਾ ਲਾਭ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲਗਭਗ 24 ਲੱਖ 84 ਹਜ਼ਾਰ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਿਲੇਗਾ। ਸਰਕਾਰ ਦੇ ਅਨੁਮਾਨ ਅਨੁਸਾਰ ਇਸ ਯੋਜਨਾ ਨਾਲ ਕੁੱਲ 2,516 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲਾਂ ਵਿੱਚੋਂ ਕਰੀਬ 518 ਕਰੋੜ ਰੁਪਏ ਦੀ ਰਕਮ ਜੁਰਮਾਨੇ ਅਤੇ ਵਿਆਜ ਵਜੋਂ ਮੁਆਫ਼ ਹੋ ਜਾਵੇਗੀ।
ਸਕੀਮ ਦੀ ਭੁਗਤਾਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਇੱਕੋ ਵਾਰ ਪੂਰੀ ਰਕਮ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਸ ਤਹਿਤ ਪਹਿਲੇ ਪੜਾਅ ਵਿੱਚ ਕੁੱਲ ਮੂਲ ਬਕਾਇਆ ਰਕਮ ਦਾ 25 ਫ਼ੀਸਦੀ ਭੁਗਤਾਨ ਕਰਨਾ ਪਵੇਗਾ, ਜਦਕਿ ਬਾਕੀ ਰਹਿੰਦੀ 75 ਫ਼ੀਸਦੀ ਰਕਮ ਦੋ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਈ ਜਾ ਸਕੇਗੀ। ਇਨ੍ਹਾਂ ਕਿਸ਼ਤਾਂ ਲਈ ਛੇ-ਛੇ ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ।
ਉਦਾਹਰਨ ਵਜੋਂ, ਜੇਕਰ ਕਿਸੇ ਘਰੇਲੂ ਖਪਤਕਾਰ ਦਾ ਇੱਕ ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ ਅਤੇ ਉਸ ਉੱਤੇ ਵਿਆਜ ਤੇ ਜੁਰਮਾਨਾ ਵੀ ਲੱਗਿਆ ਹੋਇਆ ਹੈ ਤਾਂ ਉਸ ਨੂੰ ਸਿਰਫ਼ ਇੱਕ ਲੱਖ ਰੁਪਏ ਦੀ ਮੂਲ ਰਕਮ ਹੀ ਅਦਾ ਕਰਨੀ ਪਵੇਗੀ। ਪਹਿਲਾਂ 25 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਬਾਕੀ 75 ਹਜ਼ਾਰ ਰੁਪਏ ਦੋ ਕਿਸ਼ਤਾਂ ਵਿੱਚ ਦਿੱਤੇ ਜਾ ਸਕਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਵਿਸਥਾਰਪੂਰਵਕ ਨੋਟੀਫਿਕੇਸ਼ਨ ਅਗਲੇ ਦਿਨ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਸਕੀਮ ਦੀਆਂ ਸ਼ਰਤਾਂ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਸਪੱਸ਼ਟ ਕੀਤੀ ਜਾਵੇਗੀ।
ਇਹ ਸਕੀਮ ਉਨ੍ਹਾਂ ਘਰੇਲੂ ਖਪਤਕਾਰਾਂ ਲਈ ਲਿਆਂਦੀ ਗਈ ਹੈ, ਜਿਨ੍ਹਾਂ ਦੇ ਬਿਜਲੀ ਬਿੱਲ ਲੰਬੇ ਸਮੇਂ ਤੋਂ ਬਕਾਇਆ ਪਏ ਹਨ ਅਤੇ ਵਿਆਜ ਤੇ ਜੁਰਮਾਨੇ ਕਾਰਨ ਉਨ੍ਹਾਂ ਉੱਤੇ ਵਿੱਤੀ ਬੋਝ ਵਧ ਗਿਆ ਹੈ। ਸਰਕਾਰ ਅਨੁਸਾਰ ਇਸ ਪਹਿਲਕਦਮੀ ਨਾਲ ਲੱਖਾਂ ਪਰਿਵਾਰਾਂ ਨੂੰ ਆਪਣੇ ਪੁਰਾਣੇ ਬਿਜਲੀ ਬਕਾਏ ਨਿਪਟਾਉਣ ਦਾ ਮੌਕਾ ਮਿਲੇਗਾ।





