ਬੱਚਿਆਂ ਦੇ ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ: ਹੁਣ ਸਕੂਲ ‘ਚ ਹੀ ਹੋਣਗੇ ਅਪਡੇਟ

Top Trending News ਪੰਜਾਬ ਰਾਸ਼ਟਰੀ
  • ਬੱਚਿਆਂ ਦੇ ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ: ਹੁਣ ਸਕੂਲ ‘ਚ ਹੀ ਹੋਣਗੇ ਅਪਡੇਟ
  • 5 ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ ਮਿਲੇਗੀ ਸਹੂਲਤ
  • UIDAI ਨੇ ਫੀਸ ਕੀਤੀ ਮੁਆਫ਼; ਸਕੂਲਾਂ ਵਿੱਚ ਵੀ ਲੱਗ ਰਹੇ ਹਨ ਕੈਂਪ

ਚੰਡੀਗੜ੍ਹ, 20 ਨਵੰਬਰ (ਦੇਸ਼ ਕਲਿੱਕ ਬਿਊਰੋ): ਜੇਕਰ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਬਣਵਾ ਲਿਆ ਹੈ ਪਰ ਉਸ ਦਾ ਬਾਇਓਮੈਟ੍ਰਿਕ ਅਪਡੇਟ ਨਹੀਂ ਕਰਵਾਇਆ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਬੱਚਿਆਂ ਦੀ ਉਮਰ ਵਧਣ ਦੇ ਨਾਲ ਉਂਗਲਾਂ ਦੇ ਨਿਸ਼ਾਨ, ਅੱਖਾਂ ਦੀ ਪੁਤਲੀ ਅਤੇ ਚਿਹਰੇ ਦੀ ਪਛਾਣ ਵਿੱਚ ਤਬਦੀਲੀ ਆਉਂਦੀ ਹੈ। ਇਸ ਕਾਰਨ ਪੁਰਾਣੇ ਬਾਇਓਮੈਟ੍ਰਿਕ ਰਿਕਾਰਡ ਨਾਲ ਆਧਾਰ ਦੀ ਪਛਾਣ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ਬੱਚਿਆਂ ਦਾ 5 ਅਤੇ 15 ਸਾਲ ਦੀ ਉਮਰ ਵਿੱਚ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਹੈ।

UIDAI ਨੇ 5 ਤੋਂ 17 ਸਾਲ ਤੱਕ ਦੇ ਬੱਚਿਆਂ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (MBU) ਦੀ ਫੀਸ 30 ਸਤੰਬਰ 2027 ਤੱਕ ਮੁਆਫ਼ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਮਾਪੇ ਇਸ ਸਮੇਂ ਦੌਰਾਨ ਬਿਨਾਂ ਕਿਸੇ ਫੀਸ ਦੇ ਆਪਣੇ ਬੱਚਿਆਂ ਦਾ ਬਾਇਓਮੈਟ੍ਰਿਕ ਅਪਡੇਟ ਕਰਵਾ ਸਕਦੇ ਹਨ।

ਸਕੂਲਾਂ ਵਿੱਚ ਲੱਗ ਰਹੇ ਹਨ ਅਪਡੇਟ ਕੈਂਪ
ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਨ ਲਈ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਨਾਲ ਮਾਪਿਆਂ ਨੂੰ ਬੱਚਿਆਂ ਨੂੰ ਲੈ ਕੇ ਵੱਖਰੇ ਤੌਰ ‘ਤੇ ਆਧਾਰ ਕੇਂਦਰ ਜਾਣ ਦੀ ਲੋੜ ਨਹੀਂ ਪਵੇਗੀ। ਸਕੂਲ ਵਿੱਚ ਹੀ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਕੈਂਪ ਦੀ ਤਰੀਕ ਅਤੇ ਸਮੇਂ ਬਾਰੇ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਜਾਂ ਪ੍ਰਬੰਧਕਾਂ ਤੋਂ ਲਈ ਜਾ ਸਕਦੀ ਹੈ।

ਅਪਡੇਟ ਨਾ ਕਰਵਾਉਣ ‘ਤੇ ਆ ਸਕਦੀ ਹੈ ਮੁਸ਼ਕਲ
ਜੇਕਰ ਨਿਰਧਾਰਤ ਉਮਰ ‘ਤੇ ਬੱਚਿਆਂ ਦਾ ਬਾਇਓਮੈਟ੍ਰਿਕ ਅਪਡੇਟ ਨਹੀਂ ਕਰਵਾਇਆ ਜਾਂਦਾ ਤਾਂ ਭਵਿੱਖ ਵਿੱਚ ਆਧਾਰ ਵੈਰੀਫਿਕੇਸ਼ਨ ਦੌਰਾਨ ਦਿੱਕਤ ਆ ਸਕਦੀ ਹੈ। ਇਸ ਦਾ ਅਸਰ ਸਕੂਲ ਨਾਲ ਸਬੰਧਤ ਕੰਮਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਸਕਾਲਰਸ਼ਿਪ ਅਤੇ ਉਨ੍ਹਾਂ ਸਰਕਾਰੀ ਜਾਂ ਹੋਰ ਸੇਵਾਵਾਂ ‘ਤੇ ਪੈ ਸਕਦਾ ਹੈ, ਜਿੱਥੇ ਆਧਾਰ ਰਾਹੀਂ ਪਛਾਣ ਦੀ ਪੁਸ਼ਟੀ ਲਾਜ਼ਮੀ ਹੁੰਦੀ ਹੈ। ਇਸ ਲਈ ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੱਚਿਆਂ ਦੀ ਉਮਰ ਦੇ ਨਿਰਧਾਰਤ ਪੜਾਅ ‘ਤੇ ਬਾਇਓਮੈਟ੍ਰਿਕ ਅਪਡੇਟ ਜ਼ਰੂਰ ਕਰਵਾਉਣ ਅਤੇ ਇਸ ਮੁਫ਼ਤ ਸਹੂਲਤ ਦਾ ਲਾਭ ਲੈਣ।