ਮੋਦੀ ਦਾ ਦਾਅਵਾ: ਭਾਰਤ ਦੇ ਕਰੀਬ 50 ਕਰੋੜ ਲੋਕ ਗਰੀਬੀ ’ਚੋਂ ਆਏ ਬਾਹਰ!

Top Trending News ਦਿੱਲੀ ਰਾਸ਼ਟਰੀ

 

ਮੋਦੀ ਦਾ ਦਾਅਵਾ: ਭਾਰਤ ਦੇ ਕਰੀਬ 50 ਕਰੋੜ ਲੋਕ ਗਰੀਬੀ ’ਚੋਂ ਆਏ ਬਾਹਰ!

ਅਹਿਮਦਾਬਾਦ, 23 ਨਵੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਭਲਾਈ ਯੋਜਨਾਵਾਂ ਸਦਕਾ ਦੇਸ਼ ਦੇ ਲਗਭਗ 50 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਸ ਵੱਡੀ ਪ੍ਰਾਪਤੀ ਨੂੰ ਸਵੀਕਾਰ ਕਰਨ ਤੋਂ ਵੀ ਕਤਰਾ ਰਹੀ ਹੈ।

ਗੁਜਰਾਤ ਦੀਆਂ ਸਾਰੀਆਂ 182 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਵੱਲੋਂ ਕਰਵਾਏ ਗਏ ‘ਸਨੇਹ ਮਿਲਨ’ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੱਤਾ। ਉਨ੍ਹਾਂ ਮੁਤਾਬਕ ਭਾਰਤ ਵਿੱਚ ਅਤਿ ਦੀ ਗਰੀਬੀ ਦੀ ਦਰ 2011 ਵਿੱਚ 27.1 ਫ਼ੀਸਦੀ ਸੀ, ਜੋ 2023 ਵਿੱਚ ਘਟ ਕੇ 2.6 ਫ਼ੀਸਦੀ ਰਹਿ ਗਈ। ਇਸ ਦੌਰਾਨ ਕਰੀਬ 49.6 ਕਰੋੜ ਲੋਕ ਗਰੀਬੀ ਵਿੱਚੋਂ ਬਾਹਰ ਆਏ ਹਨ।

ਮੋਦੀ ਨੇ ਕਿਹਾ ਕਿ ਜਨ-ਧਨ ਖਾਤਿਆਂ, ਐੱਲ.ਪੀ.ਜੀ. ਕੁਨੈਕਸ਼ਨਾਂ, ਬਿਜਲੀ ਸਹੂਲਤਾਂ ਅਤੇ ਆਯੁਸ਼ਮਾਨ ਯੋਜਨਾ ਰਾਹੀਂ ਸਰਕਾਰ ਨੇ ਗਰੀਬ ਵਰਗ ਤੱਕ ਸਹੂਲਤਾਂ ਪਹੁੰਚਾਈਆਂ ਹਨ।

ਗੁਜਰਾਤ ਵਿੱਚ ਆਪਣੇ 25 ਸਾਲਾਂ ਦੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਨੇ ਖੇਤੀਬਾੜੀ, ਡੇਅਰੀ, ਉਦਯੋਗ, ਸੈਮੀਕੰਡਕਟਰ ਅਤੇ ਗ੍ਰੀਨ ਐਨਰਜੀ ਦੇ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੇ ਹਿੱਤਾਂ ਤੋਂ ਉੱਪਰ ਦੇਸ਼ ਦੇ ਹਿੱਤਾਂ ਨੂੰ ਰੱਖਿਆ ਜਾਵੇ।