ਚੰਡੀਗੜ੍ਹ, 25 ਜੂਨ, ਦੇਸ਼ ਕਲਿਕ ਬਿਊਰੋ :
ਪੰਜਾਬ ਵਿਜੀਲੈਂਸ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਥਿਤ ਘਰ ਸਮੇਤ ਨੌਂ ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ Bikram Majithia ਦੀ ਪਤਨੀ ਵਿਧਾਇਕ ਗੁਣੀਵ ਕੌਰ ਮਜੀਠੀਆ ਵੀ ਘਰ ‘ਤੇ ਮੌਜੂਦ ਸੀ। ਜਾਂਚ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਘਰੋਂ ਨਿਕਲਣ ਤੋਂ ਪਹਿਲਾਂ ਮਜੀਠੀਆ ਨੇ ਆਪਣੇ ਦੋਵੇਂ ਬੱਚਿਆਂ ਨੂੰ ਪਿਆਰ ਦਿੱਤਾ।
ਛਾਪੇਮਾਰੀ ‘ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਬਹੁਤ ਪਹਿਲਾਂ ਕਿਹਾ ਸੀ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਮਾਮਲੇ ਵਿੱਚ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ, ਤਾਂ ਹੁਣ ਇਹ ਮੇਰੇ ਵਿਰੁੱਧ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਇੱਕ ਅਣਐਲਾਨੀ ਐਮਰਜੈਂਸੀ ਹੈ। ‘ਆਪ’ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਕਰਕੇ ਬਦਲਾਖੋਰੀ ਦਾ ਕੰਮ ਕਰ ਰਹੀ ਹੈ। ਅਜਿਹੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਸੀ, ਪਰ ਕੁਝ ਵੀ ਸਾਹਮਣੇ ਨਹੀਂ ਆਇਆ।
ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਵੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਘਰ ਵਿੱਚ ਕੋਈ ਨਹੀਂ ਸੀ, ਪਰ ਇਸ ਦੇ ਬਾਵਜੂਦ ਵਿਜੀਲੈਂਸ ਟੀਮ ਅੰਦਰ ਦਾਖਲ ਹੋ ਗਈ।
