ਸੁਪਨਿਆਂ ਦੇ ਦੇਸ਼ ਕਨੇਡਾ ਦੇ ਮੌਜੂਦਾ ਹਾਲਾਤਾਂ ਤੇ ਘੋਖਵੀਂ ਨਜ਼ਰ

ਕੌਮਾਂਤਰੀ ਪ੍ਰਵਾਸੀ ਪੰਜਾਬੀ

ਗੁਰਮੀਤ ਸੁਖਪੁਰ
ਕਿਸੇ ਸਮੇਂ ਕਨੇਡਾ ਦੇ ਪ੍ਰਬੰਧ ਨੂੰ ਦੇਖ ਕੇ ਕਿ ਇੱਥੇ ਘੱਟੋ-ਘੱਟ ਚੰਗੀ ਉਜਰਤ ਮਿਲਦੀ ਹੈ,ਟਰੈਫਿਕ ਦੇ ਨਿਯਮ ਬਹੁਤ ਹੀ ਵਧੀਆ ਹਨ, ਐਕਸੀਡੈਂਟ ਦੀ ਦਰ ਬਹੁਤ ਘੱਟ ਹੈ, ਕੰਮ ਕਰਵਾਉਣ ਲਈ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਪੈਂਦੀ, ਔਰਤਾਂ ਨੂੰ ਮੁਕਾਬਲਤਨ ਆਜ਼ਾਦੀ ਹੈ, ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਹਨ, ਬਜ਼ੁਰਗਾਂ ਨੂੰ ਚੰਗੀ ਪੈਨਸ਼ਨ ਮਿਲਦੀ ਹੈ, ਚੰਗੀਆਂ ਜੌਬਾਂ ਤੇ ਆਪਣੇ ਬਿਜਨਸਾਂ ਵਾਲਿਆਂ ਦੀ ਪੁਜ਼ੀਸ਼ਨ ਪੰਜਾਬ ਨਾਲੋਂ ਬਿਹਤਰ ਹੈ,ਵਾਤਾਵਰਨ ਬਹੁਤ ਹੀ ਸੋਹਣਾ ਹੈ, ਹਰੇਕ ਰਿਹਾਇਸ਼ੀ ਕਲੋਨੀ ਦੇ ਨੇੜੇ ਸ਼ਾਨਦਾਰ ਪਾਰਕ ਹਨ,ਤੁਸੀਂ ਦਰੱਖਤਾਂ ਨੂੰ ਬੇ ਵਜ੍ਹਾ ਕੱਟ ਨਹੀਂ ਸਕਦੇ ਤੇ ਕੂੜਾ ਕਰਕਟ ਨੂੰ ਟਿਕਾਣੇ ਲਾਉਣ ਦੇ ਬਹੁਤ ਹੀ ਚੰਗੇਰੇ ਪ੍ਰਬੰਧਾਂ ਕਾਰਨ ਕਨੇਡਾ ਇੱਕ ਸਮੇਂ ਐਡੇ ਵੱਡੇ ਮੁਕਾਮ ਤੇ ਸੀ ਕਿ ਹਰ ਕੋਈ ਕਿਸੇ ਵੀ ਹਾਲਤ ਵਿੱਚ ਕਨੇਡਾ ਜਾਣਾ ਚਾਹੁੰਦਾ ਸੀ।

ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਵੱਡੇ ਘਰਾਂ ਦੇ ਬੱਚੇ ਮੈਰਿਜ ਕਰਵਾ ਕੇ ਇਸ ਸਵਰਗਾਂ ਵਰਗੀ ਖੁਸ਼ਹਾਲ ਧਰਤੀ ’ਤੇ ਪਹੁੰਚਣ ਵਿੱਚ ਕਾਮਯਾਬ ਹੁੰਦੇ ਰਹੇ ਤੇ ਅੱਗੇ ਦੀ ਅੱਗੇ ਰਿਸ਼ਤੇਦਾਰੀਆਂ ਰਾਹੀਂ ਹਰ ਕੋਈ ਕੋਸ਼ਿਸ਼ ਕਰਦਾ ਤੇ ਥੋੜ੍ਹੇ ਬਹੁਤੇ ਕਾਮਯਾਬ ਵੀ ਹੋ ਜਾਂਦੇ। ਕਈ ਬਾਹਰਲੇ ਰਿਸ਼ਤਿਆਂ ਦੀ ਝਾਕ ਵਿੱਚ ਉਮਰਾਂ ਹੀ ਲੰਘਾ ਬਹਿੰਦੇ ਸਨ। ਪਿਛਲੇ 15 ਕੁ ਸਾਲਾਂ ਤੋਂ ਆਈਲਟਸ ਨਾਂ ਦੀ ਸ਼ੈਅ ਨੇ ਪੰਜਾਬ ਦੀ ਜਵਾਨੀ ਨੂੰ ਚੰਗੇ ਬੈਂਡ ਲੈਕੇ ਪੜ੍ਹਨ ਲਈ ਕਨੇਡਾ ਜਾਣ ਦਾ ਐਸਾ ਰਸਤਾ ਬਣਾਇਆ ਜੋ ਕਿ 2021, 22, 23 ਤੇ 24 ਵਿੱਚ ਹਾਈਵੇ ਦਾ ਰੂਪ ਧਾਰਨ ਕਰ ਗਿਆ ਤੇ ਵਿਦਿਆਰਥੀਆਂ ਨਾਲ ਭਰੇ ਜਹਾਜ਼ਾਂ ਦੀਆਂ ਉਡਾਣਾਂ ਹਰ ਰੋਜ਼ ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਏਅਰਪੋਰਟਾਂ ’ਤੇ ਜਾ ਉਤਰਨੀਆਂ ਸ਼ੁਰੂ ਹੋਈਆਂ। ਵੱਖ-ਵੱਖ ਏਅਰਲਾਈਨਾਂ ਨੇ ਪਿਛਲੇ ਸਮੇਂ ਦੌਰਾਨ ਹਵਾਈ ਯਾਤਰਾਵਾਂ ਦੀਆਂ ਮਹਿੰਗੀਆਂ ਟਿਕਟਾਂ ਵੇਚ ਕੇ ਚੋਖਾ ਧਨ ਕਮਾਇਆ। 2019 ਵਿੱਚ 400600 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ। 2020  ਵਿੱਚ ਕੋਵਿਡ ਕਾਰਨ ਥੋੜੇ ਘਟੇ ਜਰੂਰ ਪਰ ਫਿਰ ਵੀ 255000 ਹਜ਼ਾਰ ਸਟੱਡੀ ਪਰਮਿਟ ਜਾਰੀ ਕੀਤੇ ਗਏ। ਇਸੇ ਤਰਾਂ 2021, 22, 23 ਤੇ 2024 ਵਿੱਚ ਕ੍ਰਮਵਾਰ 444260, 551405, 682889 ਤੇ 360000 ਪਰਮਿਟ ਜਾਰੀ ਹੋਏ। 2025 ਵਿੱਚ ਸਟੱਡੀ ਪਰਮਿਟਾਂ ਤੇ ਲਗਾਏ ਗਏ 30% ਕੱਟ ਦੇ ਬਾਵਜੂਦ ਵੀ  149860 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ। 31 ਜੁਲਾਈ 2025 ਤੱਕ 286465 ਵਿਦਿਆਰਥੀਆਂ ਕੋਲ ਵਰਕ ਪਰਮਿਟ ਸਨ ਤੇ 31 ਜੁਲਾਈ 2025 ਤੱਕ 499365 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤੱਕ ਵਰਕ ਪਰਮਿਟ ਨਹੀਂ ਮਿਲੇ। ਕੁੱਲ ਮਿਲਾ ਕੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜਿਸ ਢੰਗ ਨਾਲ ਵਿਦਿਆਰਥੀਆਂ ਨੂੰ ਪੀ ਆਰ ਕਰਨ ਦੇ ਢੰਗਾਂ ਨੂੰ ਗੁੰਝਲਦਾਰ ਬਣਾਇਆ ਗਿਆ ਹੈ। ਮੌਜੂਦਾ ਹਾਲਾਤਾਂ ਮੁਤਾਬਕ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵਾਪਸ ਮੁੜਨ ਦੀ ਖ਼ਤਰਨਾਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਕਾਨੂੰਨ ਅਨੁਸਾਰ ਬਾਰ੍ਹਵੀਂ ਪਾਸ ਕਰਕੇ ਆਏ ਵਿਦਿਆਰਥੀਆਂ ਦੇ ਪੁਆਇੰਟ ਬਣਨੇ ਮੁਸ਼ਕਲ ਜਾਪਦੇ ਹਨ। ਐਲ ਐਮ ਆਈ ਬੇਸ਼ੱਕ ਵਿਦਿਆਰਥੀਆਂ / ਲੋਕਾਂ ਦੀ ਵੱਡੀ ਪੱਧਰ ਤੇ ਲੁੱਟ ਕਰਨ ਦਾ ਸਾਧਨ ਬਣੀ ਹੋਈ ਹੈ ਪਰੰਤੂ ਵਿਦਿਆਰਥੀਆਂ ਕੋਲ ਜਿੰਨਾ ਦੇ ਮਾਪੇ ਪੈਸਾ ਖਰਚ ਕਰ ਸਕਦੇ ਸਨ ਉਨ੍ਹਾਂ ਲਈ ਰਾਮਬਾਣ ਦਾ ਕੰਮ ਕਰਦੀ ਸੀ। ਪਰੰਤੂ ਨਵੇਂ ਨਿਯਮਾਂ ਮੁਤਾਬਕ ਐਲ ਐਮ ਆਈ ਦੇ 50 ਪੁਆਇੰਟ ਜੋ ਪਹਿਲਾਂ ਮਿਲਦੇ ਸਨ ਹੁਣ ਬੰਦ ਕਰ ਦਿੱਤੇ ਗਏ ਹਨ।ਜਿਸ ਕਾਰਨ ਐਲ ਐਮ ਆਈ ਰਾਹੀਂ 50 ਪੁਆਇੰਟ ਜੁੜਨ ਦੀ ਆਸ ਵੀ ਲੱਗ ਭੱਗ ਖ਼ਤਮ ਹੀ ਹੋ ਗਈ ਹੈ। ਹੁਣ ਐਲ ਐਮ ਆਈ ਸਿਰਫ਼ ਵਰਕ ਪਰਮਿਟ ਨੂੰ ਵਧਾਉਣ ਦੇ ਕੰਮ ਲਈ ਹੀ ਵਰਤੀ ਜਾ ਸਕਦੀ ਹੈ।

ਪੰਜਾਬੀ ਭਾਈਚਾਰੇ ਨਾਲ ਸਬੰਧਤ ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼  ਨੇ ਪਿਛਲੇ ਮਹੀਨੇ ਕਨੇਡਾ ਦੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਲਿਖਤੀ ਰੂਪ ਵਿੱਚ ਮੇਲਾਂ ਪਾਕੇ ਮਹਿੰਗੇ ਕਰਜ਼ੇ ਚੱਕ ਫ਼ੀਸਾਂ ਭਰ ਕੇ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ।ਕਨੇਡਾ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਚਿਰ ਤੱਕ ਵਿਦਿਆਰਥੀ ਪੀ ਆਰ ਨਹੀਂ ਹੋ ਜਾਂਦੇ ਉਦੋਂ ਤੱਕ ਉਹਨਾਂ ਦੇ ਵਰਕ ਪਰਮਿਟਾਂ ਵਿੱਚ ਆਟੋਮੈਟਿਕ ਤੌਰ ਤੇ ਵਾਧਾ ਕੀਤਾ ਜਾਵੇ । ਪਿਛਲੇ ਸਮੇਂ ਤੋਂ ਵਿਦਿਆਰਥੀ ਵੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਪਰੰਤੂ ਪੰਜਾਬੀ ਕਮਿਊਨਿਟੀ ਵੱਲੋਂ ਜਿਨ੍ਹਾਂ ਵੱਡਾ ਹੁੰਗਾਰਾ ਮਿਲਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲਿਆ। ਵਿਦਿਆਰਥੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਬਹੁਤ ਸਾਰਿਆਂ ਕੋਲ ਤਾਂ ਕੰਮ ਵੀ ਨਹੀਂ ਹੈ ਜਿਨ੍ਹਾਂ ਕੋਲ ਕੰਮ ਹੈ ਉਹ ਲਗਾਤਾਰ ਸਿਫਟਾਂ ਲਾ ਲਾ ਕੇ ਬੌਂਦਲੇ ਤੁਰੇ ਫਿਰਦੇ ਹਨ, ਕਿਸੇ ਨੂੰ ਕਿਤੋਂ ਵੀ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਣਿਆ ਅਸਾਈਲਮ ਸਿਸਟਮ ਵੀ ਨਵੇਂ ਆ ਰਹੇ ਕਾਨੂੰਨ ਮੁਤਾਬਕ ਕੁੱਝ ਕੰਮ ਨਹੀਂ ਆਵੇਗਾ। ਬਹੁਤ ਸਾਰੇ ਵਿਦਿਆਰਥੀਆਂ ਦਾ ਜਦੋਂ ਕਿਤੇ ਵੀ ਹੱਥ ਨਹੀਂ ਪਿਆ ਤਾਂ ਉਨ੍ਹਾਂ ਨੇ ਆਖਰ ਅਸਾਈਲਮ ਅਪਲਾਈ ਕਰਨ ਨੂੰ ਹੀ ਤਰਜੀਹ ਦਿਤੀ ਸੀ ਪਰੰਤੂ ਹੁਣ ਕਾਨੂੰਨ ਬਦਲਣ ਜਾ ਰਹੇ ਹਨ ਕਿ ਕਨੇਡਾ ਪਹੁੰਚਣ ਵਾਲੇ ਜਿਨ੍ਹਾਂ ਨੇ ਇੱਕ ਸਾਲ ਦੇ ਅੰਦਰ ਅੰਦਰ  ਅਸਾਈਲਮ ਲਈ ਅਪਲਾਈ ਕੀਤਾ ਹੈ, ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਹੀ ਗੌਰ ਕੀਤੀ ਜਾਵੇਗੀ ਬਾਕੀ ਐਪਲੀਕੇਸ਼ਨਾਂ ਸਭ ਰੱਦ ਕੀਤੀਆਂ ਜਾਣਗੀਆਂ। ਬੱਚਿਆਂ ਕੋਲ ਆਏ ਮਾਪਿਆਂ ਨੂੰ ਪੀ ਆਰ ਕਰਨ ਲਈ ਸ਼ੁਰੂ ਕੀਤਾ ਅਨਿਆਂ ਪੂਰਨ ਲਾਟਰੀ ਸਿਸਟਮ ਵੀ ਕਿਤੇ ਠੰਡੇ ਬਸਤੇ ਵਿੱਚ ਪਿਆ ਹੋਇਆ ਕਿਉਂਕਿ 2020 ਤੋਂ ਬਾਅਦ ਮਾਪਿਆਂ ਦੀਆਂ ਅਰਜ਼ੀਆਂ ਹੀ ਨਹੀਂ ਮੰਗੀਆਂ ਜਾ ਰਹੀਆਂ। ਕਨੇਡਾ ਵਿੱਚ ਨਵੇਂ ਆਏ ਲੋਕ ਪਾਰਕਾਂ ਵਿੱਚ ਬੈਠੇ ਇਹੀ ਚਰਚਾ ਕਰਦੇ ਨਜ਼ਰ ਆਉਂਦੇ ਹਨ ਕਿ ਪੰਜਾਬ ਇਥੋਂ ਨਾਲੋਂ ਕਿਤੇ ਵਧੀਆ ਹੈ। ਐਵੇਂ ਬੱਚਿਆਂ ਮਗਰ ਲੱਗ ਕੇ ਕੀਤੇ  ਫ਼ੈਸਲਿਆਂ ਨੂੰ ਵਾਰ-ਵਾਰ ਕੋਸ ਰਹੇ ਹਨ।

ਕਨੇਡਾ ਦੀ ਮਹਿੰਗਾਈ ਨੇ ਹਰ ਕਿਸੇ ਦਾ ਕਚੂਮਰ ਕੱਡ ਰੱਖਿਆ ਹੈ ਸਰਮੋਂ ਸ਼ਰਮੀਂ ਲੋਕ ਗੱਲ ਕਰਨ ਤੋਂ ਅਕਸਰ ਟਾਲਾ ਵੱਟਦੇ ਨਜ਼ਰੀਂ ਪੈਂਦੇ ਹਨ। ਬਹੁਤੇ ਤਾਂ ਅੰਦਰੋ ਅੰਦਰੀ ਇਸ ਮੁਲਕ ਵਿੱਚ ਫਸੇ ਫਸੇ ਮਹਿਸੂਸ ਕਰਦੇ ਹੋਏ ਆਪਣੇ ਵਤਨਾਂ ਨੂੰ ਉਡਾਰੀ ਮਾਰਨ ਦੀ ਤੀਬਰ ਤਾਂਘ ਨੂੰ ਦਬਾਉਂਦੇ ਹੋਏ ਹਾਲਤਾਂ ਨਾਲ ਸਮਝੌਤਾ ਕਰਨ ਵਿੱਚ ਹੀ ਭਲਾ ਸਮਝਦੇ ਹਨ । ਮਹਿੰਗੇ ਭਾਅ ਦੀ ਗਰੌਸ਼ਰੀ, ਬੇਸਮੈਂਟਾਂ ਦੇ ਕਿਰਾਏ,ਘਰਾਂ ਦੀਆਂ ਕਿਸ਼ਤਾਂ, ਕਾਰਾਂ ਦੀ ਮਹਿੰਗੀ ਇੰਸੋਰੈਂਸ , ਘਰਾਂ ਦੇ ਵਧੇ ਹੋਏ ਟੈਕਸਾਂ ਦੀਆਂ ਦਰਾਂ ਤੇ ਘਰਾਂ ਦੀਆਂ ਬਿਲਬੱਤੀਆਂ ਹਰ ਸਮੇਂ ਦਿਮਾਗ਼ ਦਾ ਕੁੰਡਾ ਖੜਕਾਉਂਦੀਆਂ ਰਹਿੰਦੀਆਂ ਹਨ। ਇਸ ਪੂਰੇ ਵਰਤਾਰੇ ਨੂੰ ਸਮਝਣ ਲਈ ਪ੍ਰਵਾਸ ਦੇ ਕਾਰਨਾਂ ਨੂੰ ਜਾਨਣ ਦੇ ਨਾਲ ਨਾਲ ਸੰਸਾਰ ਪੱਧਰ ਤੇ ਚੱਲ ਰਹੇ ਮੰਦਵਾੜੇ ਦੇ ਦੌਰ ਨੂੰ ਸਮਝਣ ਦੀ ਲੋੜ ਹੈ।ਕਿਸੇ ਸਮੇਂ ਤੀਸਰੀ ਦੁਨੀਆਂ ਦੇ ਮੁਲਕਾਂ ਦੇ ਲੋਕਾਂ ਨੂੰ ਸਵਰਗ ਜਾਪਦੇ ਸਾਮਰਾਜੀ ਮੁਲਕ ਖੁਦ ਡੂੰਘੇ ਆਰਥਿਕ ਸਿਆਸੀ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਮੁਕਦੀ ਗੱਲ ਇਹ ਹੈ ਕਿ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ ਪਰ ਹੁੰਦੇ ਨਹੀਂ ਹਨ ਜਾਂ ਇੰਜ ਕਹਿ ਲਓ ਕਿ ‘‘ਜੋ ਸੁੱਖ ਸੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ।’’ਲੱਖਾਂ ਡਾਲਰ ਫ਼ੀਸਾਂ ਭਰਕੇ ਕਨੇਡਾ ਦੀ ਧਰਤੀ ਤੇ ਪੁੱਜੇ ਨੌਜਵਾਨਾਂ ਦੇ ਸੁਪਨੇ ਬਿਖਰਨੇ ਸ਼ੁਰੂ ਹੋ ਗਏ ਹਨ। ਅਜਿਹੇ ਹਾਲਾਤਾਂ ਵਿੱਚ ਵਾਪਸ ਆਪਣੇ ਮੁਲਕ ਪਰਤਣ ਤੋਂ ਸਿਵਾਏ ਕੋਈ ਹੋਰ ਰਸਤਾ ਵਿਖਾਈ ਨਹੀਂ ਦਿੰਦਾ ।ਮੱਧ ਵਰਗ ਦੇ ਲੋਕਾਂ ਖਾਸ ਕਰਕੇ ਪੇਂਡੂ ਨੌਜਵਾਨਾਂ ਦੇ ਮਾਪਿਆਂ ਨੇ ਜ਼ਮੀਨਾਂ ਗਹਿਣੇ,ਬੈਅ ਕਰਕੇ ਆਪਣੇ ਕਰਜ਼ੇ ਦਾ ਬੋਝ ਹੌਲਾ ਕਰਨ ਦੇ ਜੋ ਸੁਪਨੇ ਸੰਜੋਏ ਸਨ ਉਹ ਪੂਰੇ ਹੁੰਦੇ ਨਹੀਂ ਜਾਪਦੇ ।ਕਨੇਡਾ ਦੀ ਧਰਤੀ ਤੋਂ ਖੱਜਲ ਖੁਆਰੀਆਂ ਝੱਲਦਿਆਂ ਅਤੇ ਕੱਖੋਂ ਹੌਲੇ ਹੋਏ ਵਾਪਸ ਆਪਣੀ ਧਰਤੀ ਤੇ ਪਹੁੰਚਣ ਵਾਲੇ ਨੌਜਵਾਨਾਂ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ।ਇਨ੍ਹਾਂ ਨੌਜਵਾਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਡੁੱਬਣ ਦੀ ਥਾਂ ਚੰਗੇਰੇ ਰੌਸ਼ਨ ਭਵਿੱਖ ਲਈ, ਆਪਣੀ ਹੋਣੀ ਨੂੰ ਜੱਦੋ-ਜਹਿਦ ਰਾਹੀਂ ਬਦਲਣ ਦੇ ਸੂਹੇ ਮਾਰਗ ਦੀ ਤਲਾਸ਼ ਕਰਨੀ ਚਾਹੀਦੀ ਹੈ । ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਤੇ ਭਾਰਤ ਦੀ ਭਾਜਪਾ ਹਕੂਮਤ ਨੂੰ ਕਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਇਸ ਗੰਭੀਰ ਸਮੱਸਿਆ ਨੂੰ ਸੁਲਝਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਤਾਂ ਕਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸੁਪਨਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ।
ਵਲੋਂ:-ਗੁਰਮੀਤ ਸੁਖਪੁਰ(+91 9465915763)

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।