- ਬੂਥ ਪੱਧਰ ਤੱਕ ਪਾਰਟੀ ਨੂੰ ਕੀਤਾ ਜਾ ਰਿਹਾ ਮਜਬੂਤ, 2027 ਦੀਆਂ ਚੋਣਾਂ ਵਿੱਚ ਸਰਕਾਰ ਬਣਾਵੇਗਾ ਅਕਾਲੀ ਦਲ : ਸੋਹਾਣਾ
ਮੋਹਾਲੀ, 1 ਫਰਵਰੀ: ਦੇਸ਼ ਕਲਿੱਕ ਬਿਊਰੋ:
ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਾਰਟੀ ਦੇ ਜ਼ਮੀਨੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਵੱਖ-ਵੱਖ ਖੇਤਰਾਂ ਲਈ ਸਰਕਲ ਪ੍ਰਧਾਨ ਨਿਯੁਕਤ ਕੀਤੇ ਹਨ। ਇਹ ਨਿਯੁਕਤੀਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਸੰਗਠਨ ਵਿਸਥਾਰ ਸੰਬੰਧੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਉਨ੍ਹਾਂ ਦੀ ਪੂਰਵ ਪ੍ਰਵਾਨਗੀ ਉਪਰੰਤ ਕੀਤੀਆਂ ਗਈਆਂ ਹਨ। ਇੰਚਾਰਜ ਵਿਧਾਨ ਸਭਾ ਹਲਕਾ ਡੇਰਾਬੱਸੀ ਸ੍ਰੀ ਐਨ. ਕੇ. ਸ਼ਰਮਾ ਦੀ ਸਿਫ਼ਾਰਿਸ਼ ‘ਤੇ ਜ਼ਿਲ੍ਹਾ ਪ੍ਰਧਾਨ ਸ. ਪਰਵਿੰਦਰ ਸਿੰਘ ਸੋਹਾਣਾ ਵੱਲੋਂ ਇਹ ਨਿਯੁਕਤੀਆਂ ਜਾਰੀ ਕੀਤੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਸੋਹਾਣਾ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ ਅਤੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਇਸੇ ਦਿਸ਼ਾ ਵਿੱਚ ਇਕ ਅਹਿਮ ਕਦਮ ਹੈ।
ਉਨ੍ਹਾਂ ਨਵ-ਨਿਯੁਕਤ ਪ੍ਰਧਾਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕਾਂ ਨਾਲ ਮਜ਼ਬੂਤ ਸੰਪਰਕ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਪਾਰਟੀ ਦੀ ਸਰਕਾਰ ਬਣੇ। ਜਾਰੀ ਕੀਤੀਆਂ ਨਿਯੁਕਤੀਆਂ ਅਨੁਸਾਰ ਹੰਡੇਸਰਾ ਜ਼ੋਨ–1 ਲਈ ਬਰਜੇਸ਼ ਰਾਣਾ ਅਤੇ ਹੰਡੇਸਰਾ ਜ਼ੋਨ–2 ਲਈ ਪਰਮਿੰਦਰ ਸਿੰਘ ਔਜਲਾ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਹੈ।
ਲਾਲੜੂ ਰੂਰਲ ਜ਼ੋਨ–1 ਦੀ ਜ਼ਿੰਮੇਵਾਰੀ ਬਿਕਰਮ ਸਿੰਘ ਸਰਸੀਨੀ ਅਤੇ ਲਾਲੜੂ ਰੂਰਲ ਜ਼ੋਨ–2 ਦੀ ਕਮਾਨ ਹਰਦਮ ਸਿੰਘ ਜਸਤਾਨਾ ਕਲਾਂ ਨੂੰ ਸੌਂਪੀ ਗਈ ਹੈ। ਲਾਲੜੂ ਸਿਟੀ ਜ਼ੋਨ–1 ਵਿੱਚ ਰੋਹਿਤ ਰਤਨ ਅਤੇ ਲਾਲੜੂ ਸਿਟੀ ਜ਼ੋਨ–2 ਵਿੱਚ ਗੁਰਵਿੰਦਰ ਸਿੰਘ ਹਸਨਪੁਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡੇਰਾਬੱਸੀ ਰੂਰਲ ਸਰਕਲ ਦੀ ਕਮਾਨ ਰਾਜਿੰਦਰ ਸਿੰਘ ਇਸਾਪੁਰ ਨੂੰ ਦਿੱਤੀ ਗਈ ਹੈ, ਜਦਕਿ ਡੇਰਾਬੱਸੀ ਰੂਰਲ ਜ਼ੋਨ–1 ਲਈ ਦਿਲਬਰ ਸਿੰਘ ਚਡਿਆਲਾ, ਜ਼ੋਨ–2 ਲਈ ਕਰਮਪਾਲ ਸਿੰਘ ਖੇੜੀ ਗੁੱਜਰਾਂ, ਜ਼ੋਨ–3 ਲਈ ਨਰਾਇਣ ਸਿੰਘ ਬਹੇੜਾ ਅਤੇ ਜ਼ੋਨ–4 ਲਈ ਸੰਜੀਵ ਸਿੰਘ ਸੰਜੂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਸੇ ਤਰ੍ਹਾਂ ਬਨੂੜ ਸਿਟੀ ਲਈ ਰਘਬੀਰ ਸਿੰਘ ਮੋਹੀ ਅਤੇ ਬਨੂੜ ਰੂਰਲ ਲਈ ਕੁਲਵਿੰਦਰ ਸਿੰਘ ਤਸੌਲੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਰਵਿੰਦਰ ਸਿੰਘ ਸੋਹਾਣਾ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਰਕਰ ਹੀ ਅਕਾਲੀ ਦਲ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦੀ ਲਗਨ ਅਤੇ ਸਰਗਰਮੀ ਹੀ ਸੰਗਠਨ ਨੂੰ ਨਵੀਂ ਉਚਾਈਆਂ ਤੱਕ ਲੈ ਜਾ ਸਕਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਟੀਮ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਏਗੀ।



