ਨੌਜਵਾਨ ਨੂੰ ਇੰਸਟਾਗਰਾਮ ‘ਤੇ ਲੜਕੀ ਨਾਲ ਕੀਤੀ ਦੋਸਤੀ ਮਹਿੰਗੀ ਪਈ

ਪੰਜਾਬ
  • ਮਿਲਣ ਆਏ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਪਹੁੰਚਾਇਆ ਹਸਪਤਾਲ
  • ਮੋਰਿੰਡਾ ਸ਼ਹਿਰੀ ਪੁਲਿਸ ਵੱਲੋ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ

ਮੋਰਿੰਡਾ, 4 ਫਰਵਰੀ (ਭਟੋਆ):

ਸ੍ਰੀ ਫਤਿਹਗੜ੍ਹ ਸਾਹਿਬ ਜਿਲੇ ਦੇ ਇੱਕ ਨੌਜਵਾਨ ਨੂੰ ਇੰਸਟਾਗਰਾਮ ਤੇ ਇੱਕ ਲੜਕੀ ਨਾਲ ਕੀਤੀ ਦੋਸਤੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਇਹ ਨੌਜਵਾਨ, ਲੜਕੀ ਨੂੰ ਮਿਲਣ ਲਈ ਮੋਰਿੰਡਾ ਦੀ ਜੌਲੀ ਮਾਰਕੀਟ ਵਿੱਚ ਪੁੱਜਿਆ, ਤਾਂ ਉੱਥੇ ਉਸ ਦੀ ਚਾਰ ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਉਣਾ ਪਿਆ, ਜੋ ਹਾਲੇ ਵੀ ਜੇਰੇ ਇਲਾਜ ਹੈ । ਜਿੱਥੇ ਡਾਕਟਰਾਂ ਵੱਲੋ ਉਸਦੇ ਚਾਰ ਸੱਟਾਂ ,ਸਿਰ ਦੇ ਪਿੱਛੇ 10 ਸੈਂਟੀਮੀਟਰ, ਸਿਰ ਦੇ ਖੱਬੇ ਪਾਸੇ 8 ਸੈਂਟੀਮੀਟਰ,ਜਦਕਿ ਅੱਖ ਨੇੜੇ ਅਤੇ ਸੱਜੇ ਮੋਢੇ ਤੇ 1-1 ਸੈਂਟੀਮੀਟਰ ਦੇ ਕੱਟ ਲੱਗਣ ਦੀ ਪੁਸ਼ਟੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਮੁੱਖ ਸਿੰਘ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਖੰਨਾ ਰੋਡ, ਅਮਲੋਹ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਇੰਸਟਾਗਰਾਮ ਤੇ ਇੱਕ ਲੜਕੀ ਵੱਲੋਂ ਦੋਸਤੀ ਲਈ ਰਿਕੁਐਸਟ ਕੀਤੀ ਗਈ ਸੀ, ਜਿਹੜੀ ਉਸ ਵੱਲੋਂ ਪ੍ਰਵਾਨ ਕਰਨ ਉਪਰੰਤ ਉਹ ਇੱਕ ਦੂਜੇ ਨੂੰ ਹਰ ਰੋਜ਼ ਮੈਸੇਜ ਅਤੇ ਗੱਲਬਾਤ ਕਰਨ ਲੱਗ ਪਏ।.ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 30 ਜਨਵਰੀ ਨੂੰ ਇਸ ਲੜਕੀ ਵੱਲੋਂ ਉਸ ਨੂੰ ਮਿਲਣ ਲਈ ਜੌਲੀ ਮਾਰਕੀਟ ਮੋਰਿੰਡਾ ਵਿਖੇ ਸੱਦਿਆ ਗਿਆ।. ਜਿੱਥੇ ਉਹ ਆਪਣੇ ਮੋਟਰਸਾਈਕਲ ਨੰਬਰ ਪੀਬੀ 23 – ਐਨ -3741 ਉੱਤੇ ਅਮਲੋਹ ਤੋਂ ਮੋਰਿੰਡਾ ਆਇਆ ਸੀ ਤਾਂ ਉਸ ਨੇ ਜੌਲੀ ਮਾਰਕੀਟ ਪਹੁੰਚ ਕੇ ਉਕਤ ਲੜਕੀ ਨੂੰ ਵੀ ਸੁਨੇਹਾ ਕਰਕੇ ਦੱਸ ਦਿੱਤਾ, ਪ੍ਰੰਤੂ ਉਕਤ ਲੜਕੀ ਨੇ ਜੌਲੀ ਮਾਰਕੀਟ ਦੀ ਉਸ ਜਗਹਾ ਦੀ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਜਿੱਥੇ ਉਹ ਖੜਾ ਸੀ।

ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਵੱਲੋਂ ਆਪਣੀ ਲੋਕੇਸ਼ਨ ਸਬੰਧੀ ਵੀਡੀਓ ਬਣਾ ਕੇ ਉਪਰੋਕਤ ਲੜਕੀ ਨੂੰ ਭੇਜੀ ਗਈ ਤਾਂ ਉਹ ਖੁਦ ਨਹੀ ਆਈ ,ਸਗੋ ਇੱਕ ਅਲਟੋ ਕਾਰ ਨੰਬਰ ਪੀਬੀ- 31 ਪੀ- 1666 ਵਿੱਚ ਆਏ ਚਾਰ ਨੌਜਵਾਨਾਂ ਨੇ ਉਸਦੇ ਮੋਟਰਸਾਈਕਲ ਅੱਗੇ ਆਪਣੀ ਕਾਰ ਲਗਾ ਕੇ ਉਸਨੂੰ ਰੋਕ ਲਿਆ, ਜਿਸ ਉਪਰੰਤ ਮੂੰਹ ਢੱਕੇ ਨੌਜਵਾਨਾਂ ਵੱਲੋਂ ਉਸ ਸਿਰ ਅਤੇ ਸਰੀਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਲਹੂ ਲੁਹਾਨ ਹੋ ਕੇ ਸੜਕ ਤੇ ਡਿੱਗ ਪਿਆ, ਜਿੱਥੋਂ ਲੋਕਾਂ ਵੱਲੋਂ ਉਸ ਨੂੰ ਜੌਲੀ ਮਾਰਕੀਟ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ , ਜਿੱਥੇ ਡਾਕਟਰਾਂ ਵੱਲੋਂ ਉਸ ਦੇ ਸਿਰ , ਅੱਖ ਦੇ ਨੇੜੇ ਅਤੇ ਮੋਢੇ ਤੇ ਟਾਂਕੇ ਲਗਾ ਕੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਮਨਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਹਮਲਾਵਰਾਂ ਦੇ ਨਾਮ ਰਾਹੁਲ ਪੁੱਤਰ ਬਲਜੀਤ ਸਿੰਘ ਵਾਸੀ ਬਾਜ਼ੀਗਰ ਮਹੱਲਾ ਮੋਰਿੰਡਾ , ਸੰਜੇ ਪੁੱਤਰ ਰਣਧੀਰ ਸਿੰਘ ਵਾਸੀ ਨੇੜੇ ਪੀਡਬਲਿਊਡੀ ਰੈਸਟ ਹਾਊਸ ਮੋਰਿੰਡਾ, ਕਰਨ ਵਾਸੀ ਨੇੜੇ ਪੁਰਾਣਾ ਡਾਕਖਾਨਾ ਮੋਰਿੰਡਾ ਅਤੇ ਇੱਕ ਹੋਰ ਅਣਪਛਾਤਾ ਆਦਿ ਵੀ ਦੱਸੇ ਗਏ ਹਨ ।

ਐਸਐਚਓ ਗੁਰਮੁੱਖ ਸਿੰਘ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਰਾਹੁਲ,ਸੰਜੇ, ਕਰਨ ਅਤੇ ਇੱਕ ਅਣਪਛਾਤੇ ਹਮਲਾਵਰ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਾਰਾਂਵਾ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।