ਪੰਜਾਬ ਵਿੱਚ ਚਾਰ ਸਾਲਾਂ ’ਚ 120 ਸਕੂਲ ਬੰਦ ਕਰਨਾ ਸਰਕਾਰ ਦੀ ਪ੍ਰਾਪਤੀ: ਐਨ.ਕੇ. ਸ਼ਰਮਾ

ਪੰਜਾਬ
  • ਅਕਾਲੀ ਆਗੂ ਨੇ ਕਾਂਗਰਸ ਅਤੇ ‘ਆਪ’ ਸਰਕਾਰ ਨੂੰ ਸਿੱਖਿਆ ‘ਤੇ ਬਹਿਸ ਲਈ ਦਿੱਤੀ ਚੁਣੌਤੀ
  • ਬਾਦਲ ਸਰਕਾਰ ਨੇ ਸਕੂਲ ਬਣਾਏ, ਕਾਂਗਰਸ ਨੇ ਸਮਾਰਟ ਸਕੂਲ ਤਾਂ ‘ਆਪ’ ਨੇ “ਸਕੂਲ ਆਫ਼ ਐਮੀਨੈਂਸ” ਦੇ ਬੋਰਡ ਲਗਾਏ

ਡੇਰਾਬੱਸੀ, 26 ਫਰਵਰੀ: ਦੇਸ਼ ਕਲਿੱਕ ਬਿਊਰੋ:

ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਟ੍ਰੇਡ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ.ਕੇ. ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਿੱਖਿਆ ਦੇ ਮੁੱਦੇ ‘ਤੇ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ 120 ਤੋਂ ਵੱਧ ਸਕੂਲਾਂ ਦਾ ਬੰਦ ਕਰਵਾਉਣਾ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਅਤੇ ਸਿੱਖਿਆ ਮਾਡਲ ਹੈ।

ਅੱਜ ਇੱਥੇ ਜਾਰੀ ਇੱਕ ਜਾਣਕਾਰੀ ਵਿੱਚ ਐਨ.ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੇ ਪੰਜ ਸਾਲ ਅਤੇ ਆਮ ਆਦਮੀ ਪਾਰਟੀ ਦੇ ਚਾਰ ਸਾਲ ਸਿੱਖਿਆ ਲਈ ਬਹੁਤ ਮਾੜਾ ਸਮਾਂ ਰਿਹਾ ਹੈ। ਇੱਕ ਰਿਪੋਰਟ ਜਾਰੀ ਕਰਦਿਆਂ ਸ਼ਰਮਾ ਨੇ ਕਿਹਾ ਕਿ 2002 ਤੋਂ 2007 ਤੱਕ ਕਾਂਗਰਸ ਦੇ ਰਾਜ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਕੁੱਲ 9,936 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਪੰਜਾਬ ਸਿੱਖਿਆ ਦੇ ਖੇਤਰ ਵਿੱਚ 14ਵੇਂ ਸਥਾਨ ‘ਤੇ ਸੀ।

ਇਸ ਤੋਂ ਬਾਅਦ ਸੱਤਾ ਵਿੱਚ ਆਈ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੁੱਲ 55,672 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ 13 ਨਵੀਆਂ ਯੂਨੀਵਰਸਿਟੀਆਂ, 30 ਨਵੇਂ ਕਾਲਜ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਆਈ.ਆਈ.ਟੀ., 297 ਸਕਿੱਲ ਸੈਂਟਰ, 10 ਮੈਰੀਟੋਰੀਅਸ ਸਕੂਲ, ਮਾਈ ਭਾਗੋ ਅਕੈਡਮੀ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਸਥਾਪਿਤ ਕੀਤੀ ਗਈ, ਦਲਿਤ ਬੱਚਿਆਂ ਨੂੰ ਵਜ਼ੀਫ਼ਾ, 4 ਲੱਖ 82 ਹਜ਼ਾਰ ਬੱਚਿਆਂ ਨੂੰ ਸਾਈਕਲ, 146 ਬਲਾਕਾਂ ਵਿੱਚ ਆਦਰਸ਼ ਸਕੂਲ ਖੋਲ੍ਹੇ ਗਏ, ਇਸ ਤੋਂ ਇਲਾਵਾ 80 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ।

ਸ਼ਰਮਾ ਨੇ ਕਿਹਾ ਕਿ ਅੱਜ ਸਿੱਖਿਆ ਵਿਭਾਗ ਦਾ ਰਿਕਾਰਡ ਉਪਲਬਧ ਹੈ ਜਿਸ ਅਨੁਸਾਰ 2007 ਤੋਂ 2017 ਤੱਕ ਸੂਬੇ ਵਿੱਚ 4467 ਨਵੇਂ ਸਕੂਲ ਬਣਾਏ ਗਏ। ਅਕਾਲੀ ਦਲ ਦੀ ਸਰਕਾਰ ਦੌਰਾਨ 27 ਵਿਦਿਆਰਥੀਆਂ ਲਈ ਇੱਕ ਅਧਿਆਪਕ ਸੀ ਅਤੇ ਅੱਜ 47 ਵਿਦਿਆਰਥੀਆਂ ਲਈ ਇੱਕ ਅਧਿਆਪਕ ਹੈ। ਸੇਵਾਮੁਕਤੀ ਤੋਂ ਬਾਅਦ ਪੰਜਾਬ ਵਿੱਚ ਨਵੇਂ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ।

ਅਕਾਲੀ ਆਗੂ ਨੇ ਕਿਹਾ ਕਿ ਉਸ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਨੇ ਉਨ੍ਹਾਂ ਸਕੂਲਾਂ ਦੇ ਬਾਹਰ ਸਮਾਰਟ ਸਕੂਲ ਦੇ ਬੋਰਡ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਨੇ ਉਨ੍ਹਾਂ ਬੋਰਡਾਂ ਨੂੰ ਬਦਲ ਕੇ ਸਕੂਲ ਆਫ਼ ਐਮੀਨੈਂਸ ਲਿਖ ਦਿੱਤਾ ਹੈ।

ਐਨਕੇ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ 2431 ਸਕੂਲ ਅਜਿਹੇ ਹਨ ਜਿੱਥੇ 76 ਬੱਚਿਆਂ ਲਈ ਇੱਕ-ਇੱਕ ਅਧਿਆਪਕ ਹੈ। ਸਾਲ 2024-25 ਵਿੱਚ 80 ਹਜ਼ਾਰ ਬੱਚੇ ਸਰਕਾਰੀ ਸਕੂਲ ਛੱਡ ਚੁੱਕੇ ਹਨ। ਪਿਛਲੇ ਨੌਂ ਸਾਲਾਂ ਵਿੱਚ ਨਾ ਤਾਂ ਸਕੂਲ ਬਣੇ ਹਨ ਅਤੇ ਨਾ ਹੀ ਸਕੂਲਾਂ ਵਿੱਚ ਕਮਰੇ, ਪਖਾਨੇ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਹੈ। ਪੰਜਾਬ ਦੇ 44 ਪ੍ਰਤੀਸ਼ਤ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ। 50 ਪ੍ਰਤੀਸ਼ਤ ਐਲੀਮੈਂਟਰੀ ਸਕੂਲਾਂ ਵਿੱਚ ਮੁੱਖ ਅਧਿਆਪਕ ਨਹੀਂ ਹਨ। ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਜਾਂ ਸਿੱਖਿਆ ਮੰਤਰੀ ਨੂੰ ਇੱਥੇ ਆ ਕੇ ਖੁੱਲ੍ਹ ਕੇ ਬਹਿਸ ਕਰਨੀ ਚਾਹੀਦੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਜਵਾਬ ਦੇਣਾ ਚਾਹੀਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।