ਗੁਰਦਾਸਪੁਰ, 7 ਮਾਰਚ : ਦੇਸ਼ ਕਲਿੱਕ ਬਿਊਰੋ:
ਮਿਡ ਡੇ ਮੀਲ ਕੁੱਕ ਵਰਕਰਾਂ ਦੇ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਹੈ ਜਦੋਂ ਮਿਡ ਡੇ ਮੀਲ ਵਰਕਰ ਸੋਸਾਇਟੀ ਪੰਜਾਬ ਵਲੋਂ ਡੈਮੋਕ੍ਰੇਟਿਕ ਮਿਡ ਡੇ ਮੀਲ ਵਰਕਰਜ ਯੂਨੀਅਨ ਦੇ ਦਬਾਅ ਸਦਕਾ ਅੱਜ ਇੱਕ ਪੱਤਰ ਜਾਰੀ ਕਰਕੇ ਮਿਰਤਕ ਵਰਕਰਾਂ ਦੇ ਵਾਰਸਾਂ ਅਤੇ 60 ਸਾਲਾਂ ਦੀ ਉਮਰ ਤੋਂ ਵਧੇਰੇ ਕੰਮ ਕਰਨ ਤੋਂ ਅਸਮਰਥ ਵਰਕਰਾਂ ਨੂੰ ਰਾਹਤ ਦਿੱਤੀ ਹੈ। ਹੁਣ ਕੁੱਕ ਵਰਕਰਾਂ ਦੇ ਪਰਿਵਾਰਕ ਮੈਂਬਰ ਪੁੱਤਰ ਦੀ ਅਤੇ ਨੂੰਹ ਨੂੰ ਉਨ੍ਹਾਂ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਵੇ। ਇਸ ਨਾਲ ਕੁੱਕ ਵਰਕਰਾਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਦਿੰਦਿਆਂ ਜਥੇਬੰਦੀ ਸੂਬਾ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਦੱਸਿਆ ਕਿ ਬਹੁਤ ਸਾਰੀਆਂ ਵਰਕਰਾਂ ਜੋ 60 ਸਾਲਾਂ ਤੋਂ ਉਪਰ ਹਨ।

ਪੰਜਾਬ ਸਰਕਾਰ ਉਨ੍ਹਾਂ ਨੂੰ ਕੋਈ ਆਰਥਿਕ ਸਹਾਇਤਾ ਦਿੱਤੇ ਬਿਨਾਂ ਘਰ ਭੇਜਣ ਨੂੰ ਬਜ਼ਿਦ ਸੀ। ਜਥੇਬੰਦੀ ਵੱਲੋਂ ਮਿਰਤਕ ਵਰਕਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਸਿਖਿਆ ਵਿਭਾਗ ਪੰਜਾਬ ਵੱਲੋਂ ਇੱਕ ਹੋਰ ਪੱਤਰ ਜਾਰੀ ਕਰਕੇ ਵਰਕਰਾਂ ਦੇ ਤਨਖਾਹਾਂ ਦੇ ਖਾਤੇ ਕੇਨਰਾ ਬੈਂਕ ਵਿੱਚ ਖੋਲ੍ਹਣ ਦੀ ਹਿਦਾਇਤ ਜਾਰੀ ਕੀਤੀ ਹੈ ਜਿਸ ਨਾਲ ਵਰਕਰਾਂ ਦਾ ਮੈਡੀਕਲ ਬੀਮਾ ਅਤੇ ਹੋਰ ਵਿੱਤੀ ਸਹਾਇਤਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਤਨਖਾਹਾਂ ਵਿੱਚ ਵਾਧਾ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ ਹਨ। ਵਰਕਰਾਂ ਨੂੰ ਮਹਿਜ਼ ਇੱਕ ਸੌ ਰੁਪਏ ਦਿਹਾੜੀ ਦਿੱਤੀ ਜਾਂਦੀ ਹੈ। ਜਿਸ ਨਾਲ ਵਰਕਰਾਂ ਨੂੰ ਮਹਿੰਗਾਈ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੈ। ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਦੇਰੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਕੰਮ ਕਰਦੀਆਂ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ ਅਤੇ ਰਸੋਈ ਗੈਸ ਸਿਲੰਡਰ ਲੋੜ ਅਨੁਸਾਰ ਦਿੱਤੇ ਜਾਣ।



