- ਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਮੋਹਾਲੀ ਵਿੱਚ 100 ਤੋਂ ਵੱਧ ਮਹਿਲਾ ਅਹੁਦੇਦਾਰ ਥਾਪੇ ਪਰਿਵਾਰਾਂ ਨੂੰ ਮਜਬੂਤੀ ਦੇਣ ਵਾਲੀਆਂ ਮਹਿਲਾਵਾਂ ਹੁਣ ਬੂਥ ਲੈਵਲ ਤੇ ਪਾਰਟੀ ਨੂੰ ਵੀ ਕਰਨਗੀਆਂ ਮਜਬੂਤ : ਪਰਵਿੰਦਰ ਸਿੰਘ ਸੋਹਾਣਾ
ਮੋਹਾਲੀ, 7 ਮਾਰਚ : ਦੇਸ਼ ਕਲਿੱਕ ਬਿਊਰੋ:
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਮੋਹਾਲੀ ਜ਼ਿਲ੍ਹੇ ਦੀਆਂ ਮਹਿਲਾ ਅਕਾਲੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਲਗਭਗ 100 ਦੇ ਕਰੀਬ ਮਹਿਲਾ ਆਗੂਆਂ ਨੂੰ ਪਾਰਟੀ ਦੇ ਵੱਖ-ਵੱਖ ਅਹੁਦੇ ਸੌਂਪ ਕੇ ਉਨ੍ਹਾਂ ਨੂੰ ਪਾਰਟੀ ਮਜ਼ਬੂਤ ਕਰਨ ਲਈ ਜ਼ਿੰਮੇਵਾਰੀਆਂ ਦਿੱਤੀਆਂ। ਪਰਵਿੰਦਰ ਸਿੰਘ ਸੋਹਾਣਾ ਨੇ ਸਭ ਤੋਂ ਪਹਿਲਾਂ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਅੱਜ ਪਾਰਟੀ ਵੱਲੋਂ ਮਹਿਲਾਵਾਂ ਨੂੰ ਸੰਗਠਨ ਵਿੱਚ ਅਹਿਮ ਜਿੰਮੇਵਾਰੀਆਂ ਦੇ ਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਹਲਕੇ ਵਿੱਚ ਇੱਕ ਪਰਿਵਾਰ ਵਾਂਗ ਕੰਮ ਕਰ ਰਿਹਾ ਹੈ ਅਤੇ ਮਹਿਲਾ ਵਰਕਰ ਇਸ ਪਰਿਵਾਰ ਦੀ ਮਜ਼ਬੂਤ ਕੜੀ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਅਤੇ ਹਰ ਬੂਥ ‘ਤੇ ਪੰਜ ਤੋਂ ਦਸ ਮੈਂਬਰੀ ਮਹਿਲਾ ਟੀਮਾਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਯੂਥ ਅਕਾਲੀ ਦਲ ਅਤੇ ਹੋਰ ਵਿੰਗਾਂ ਨਾਲ ਮਿਲ ਕੇ ਮਹਿਲਾ ਵਰਕਰ ਚੋਣਾਂ ਦੀ ਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਸ ਮੌਕੇ ਉਨ੍ਹਾਂ ਮੋਹਾਲੀ ਸ਼ਹਿਰ ਦੇ ਮੌਜੂਦਾ ਹਾਲਾਤਾਂ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਕਾਂਗਰਸ ਅਤੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਤਾਲਮੇਲ ਦੀ ਕਮੀ ਦਿਖਾਈ ਦੇ ਰਹੀ ਹੈ, ਜਿਸ ਦਾ ਨੁਕਸਾਨ ਸ਼ਹਿਰ ਦੇ ਵਿਕਾਸ ਨੂੰ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਅਤੇ ਗਮਾਡਾ ਵਿੱਚ ਭ੍ਰਿਸ਼ਟਾਚਾਰ ਵਧ ਰਿਹਾ ਹੈ ਅਤੇ ਆਮ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਮੋਹਾਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ, ਮਾਈ ਭਾਗੋ ਇੰਸਟੀਚਿਊਟ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਏਸੀ ਬੱਸ ਸਟੈਂਡ ਅਤੇ ਕਈ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਗਏ ਸਨ। ਪਰ ਅੱਜ ਸ਼ਹਿਰ ਦੀ ਸਫਾਈ ਅਤੇ ਬੁਨਿਆਦੀ ਸੁਵਿਧਾਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਜੇ ਅਪ੍ਰੈਲ ਮਹੀਨੇ ਵਿੱਚ ਨਗਰ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਚੋਣ ਮੈਦਾਨ ਵਿੱਚ ਉਤਰੇਗਾ ਅਤੇ ਮੋਹਾਲੀ ਦੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਬਾਕਸ ਆਈਟਮ ਮਹਿਲਾ ਦਿਵਸ ‘ਤੇ 100 ਮਹਿਲਾ ਆਗੂਆਂ ਨੂੰ ਮਿਲੇ ਅਹੁਦੇ ਮੋਹਾਲੀ ਜ਼ਿਲ੍ਹੇ ਦੀਆਂ ਲਗਭਗ 100 ਮਹਿਲਾਵਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਦੋ ਦਿਨਾਂ ਵਿੱਚ ਪੂਰੇ ਹਲਕੇ ਵਿੱਚ ਜ਼ਿੰਮੇਵਾਰੀਆਂ ਦੀ ਵੰਡ ਕਰ ਦਿੱਤੀ ਜਾਵੇਗੀ।। ਹਰ ਬੂਥ ‘ਤੇ 5 ਤੋਂ 10 ਮੈਂਬਰੀ ਮਹਿਲਾ ਟੀਮ ਬਣੇਗੀ। ਸੋਹਾਣਾ ਨੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ ਨਗਰ ਨਿਗਮ ਅਤੇ ਗਮਾਡਾ ਵਿੱਚ ਭ੍ਰਿਸ਼ਟਾਚਾਰ ਦਾ ਦਾਅਵਾ ਕਰਦਿਆਂ ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਆਮ ਲੋਕਾਂ ਨੂੰ ਕੰਮ ਲਈ ਦੇਣੇ ਪੈਂਦੇ ਨੇ ਵੱਧ ਪੈਸੇ।
ਉਹਨਾਂ ਕਿਹਾ ਕਿ ਮੋਹਾਲੀ ਦੇ ਵਿਕਾਸ ‘ਤੇ ਲਗਾਤਾਰ ਖੜੋਤ ਆ ਰਹੀ ਹੈ ਜਿਸ ਲਈ ਵਿਧਾਇਕ ਅਤੇ ਮੇਹਰ ਦੋਵੇਂ ਬਰਾਬਰ ਤੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਵਿੱਚ ਬਰਾਬਰ ਤਾਲਮੇਲ ਹੈ ਤੇ ਇੱਕ ਵਾਰ ਇੱਕ ਬੰਦਾ ਐਮਐਲਏ ਬਣ ਜਾਂਦਾ ਹੈ ਦੂਜਾ ਮੇਅਰ ਤੇ ਦੂਜੀ ਵਾਰ ਦੂਜਾ ਬੰਦਾ ਐਮਐਲਏ ਬਣ ਜਾਂਦਾ ਹੈ ਤੇ ਪਹਿਲਾਂ ਮੇਅਰ। ਇਸ ਤਰ੍ਹਾਂ ਇਹ ਆਪਸ ਵਿੱਚ ਅਹੁਦਿਆਂ ਦੀ ਵੰਡ ਕਰਦੇ ਰਹਿੰਦੇ ਹਨ। ਇਸ ਮੋਕੇ ਬੀਬੀ ਸਤਵੰਤ ਕੋਰ ਜੋਹਲ ਬੀਬੀ ਜਤਿੰਦਰ ਕੋਰ ਲੰਬਿਆਂ,ਹਰਜਿੰਦਰ ਕੋਰ ਐਮ ਸੀ ,ਨਿਰਮਲ ਕੋਰ ਢਿੱਲੋਂ ਐਮ ਸੀ,ਸਤਵਿੰਦਰ ਕੋਰ ਧੜਾਕ ਕੋਮਲ ਸ਼ਰਮਾਂ ਸੰਭਾਲਕੀ ,ਲਾਲਜੀਤ ਕੋਰ ,ਕੁਲਵਿੰਦਰ ਕੋਰ ਤੰਗੋਰੀ ,ਸੁਸ਼ਮਾ ਚੋਧਰੀ ਪ੍ਰੀਤ ਕੋਰ ,ਮੋਨਾ ਸਿੰਘ,ਵਰਿੰਦਰ ਕੋਰ ,ਕੁਲਵਿੰਦਰ ਕੋਰ,ਜਸਬੀਰ ਕੋਰ ,ਭੁਪਿੰਦਰ ਕੋਰ,ਅੰਜੂ ਤੜੋਲੀ,ਵਿਸਾਲੀ , ਕਵਿਤਾ ਸਮੇਤ ਭਾਰੀ ਗਿਣਤੀ ਚ ਬੀਬੀਆਂ ਹਾਜ਼ਰ ਸਨ



