ਪੰਜਾਬ ਭਾਜਪਾ ਦੇ ਹੈੱਡਕੁਆਰਟਰ ਬਾਹਰ ਹੋਏ ਧਮਾਕੇ ਦੀਆਂ ਤਾਰਾਂ ਮੋਰਿੰਡਾ ਦੇ ਨੇੜਲੇ ਪਿੰਡ ਰਤਨਗੜ੍ਹ ਨਾਲ ਜੁੜੀਆਂ

ਪੰਜਾਬ
  • ਵੱਡੀ ਗਿਣਤੀ ਵਿੱਚ ਪੁਲਿਸ ਵੱਲੋ ਧਮਾਕੇ ਵਿੱਚ ਸ਼ਾਮਿਲ ਦੱਸੇ ਜਾਂਦੇ ਨੌਜਵਾਨਾਂ ਦੇ ਘਰ ਕੀਤੀ ਛਾਪੇਮਾਰੀ
  • ਇੱਕ ਦੇ ਘਰੋ ਪਿਸਤੌਲ ਦੀਆਂ 3 ਗੋਲੀਆਂ ਬਰਾਮਦ
  • ਦੂਜੇ ਦੇ ਪਿਤਾ ਤੇ ਭਰਾ ਨੂੰ ਪੁਲਿਸ ਨਾਲ ਲੈ ਗਈ
  • ਪਿੰਡ ਵਿੱਚ ਦਹਿਸ਼ਤ ਤੇ ਛਾਇਆ ਸੰਨਾਟਾ
  • ਕੋਈ ਮੂੰਹ ਖੋਲ੍ਹਣ ਲਈ ਨਹੀਂ ਤਿਆਰ

ਮੋਰਿੰਡਾ 3 ਅਪ੍ਰੈਲ: ਚੰਡੀਗੜ੍ਹ, 3 ਅਪ੍ਰੈਲ : ਦੇਸ਼ ਕਲਿੱਕ ਬਿਊਰੋ: (ਭਟੋਆ)

ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀਆਂ ਤਾਰਾਂ ਮੋਰਿੰਡਾ ਨੇੜੇ ਦੇ ਪਿੰਡ ਰਤਨਗੜ੍ਹ ਨਾਲ ਜੁੜ ਗਈਆਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੀ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਅਤੇ ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਇਸ ਧਮਾਕੇ ਵਿੱਚ ਸ਼ਾਮਿਲ ਦੱਸੇ ਜਾਂਦੇ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਦੇ ਘਰ ਛਾਪੇਮਾਰੀ ਕੀਤੀ ਪ੍ਰੰਤੂ ਇਹਨਾਂ ਦੋਨਾਂ ਦੇ ਘਰਾਂ ਵਿੱਚ ਮੌਜੂਦ ਨਾ ਹੋਣ ਉਪਰੰਤ ਪੁਲਿਸ ਗੁਰਤੇਜ ਸਿੰਘ ਦੇ ਪਿਤਾ ਮੱਖਣ ਸਿੰਘ ਅਤੇ ਉਸਦੇ ਵੱਡੇ ਭਰਾ ਗੁਰਜੰਟ ਸਿੰਘ ਨੂੰ ਆਪਣੇ ਨਾਲ ਲੈ ਗਈ, ਜਦਕਿ ਉਕਤ ਦੋਨੋ ਹਾਲੇ ਤੱਕ ਪੁਲਿਸ ਗਿਰਫਤ ਤੋ ਬਾਹਰ ਹਨ।. ਪੁਲਿਸ ਦੀ ਇਸ ਕਾਰਵਾਈ ਨਾਲ ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ ਤੇ ਕੋਈ ਵੀ ਪਿੰਡ ਵਾਸੀ ਇਸ ਸਬੰਧੀ ਗੱਲ ਕਰਨ ਲਈ ਤਿਆਰ ਨਹੀਂ ਹੋਇਆ। ਇਸੇ ਦੌਰਾਨ ਮੋਰਿੰਡਾ ਸ਼ਹਿਰੀ ਪੁਲਿਸ ਥਾਣੇ ਤੋਂ ਪਤਾ ਲੱਗਿਆ ਹੈ ਕਿ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ । ਹਾਲਾਂਕਿ ਪੁਲਿਸ ਵੱਲੋ ਅਮਨਪ੍ਰੀਤ ਸਿੰਘ ਬਾਰੇ ਪਹਿਲਾਂ ਵੀ ਇਕ ਕਾਰ ਖੋਹਣ ਦੇ ਮਾਮਲੇ ਵਿੱਚ ਜੇਲ੍ਹ ਕੱਟਣ ਬਾਰੇ ਦੱਸਿਆ ਗਿਆ ਹੈ।.

ਪੁਲਿਸ ਦੇ ਸੂਤਰਾਂ ਅਨੁਸਾਰ ਇਹ ਦੋਨੋ ਆਪੋ ਆਪਣੇ ਘਰ ਕੱਪੜੇ ਬਦਲਣ ਆਏ ਸਨ। ਜਿਸ ਦੀ ਸੂਚਨਾ ਸਥਾਨਕ ਪੁਲਿਸ ਅਤੇ ਚੰਡੀਗੜ੍ਹ ਏ.ਜੀ.ਟੀ.ਐਫ. ਨੂੰ ਮਿਲਣ ਤੋਂ ਬਾਅਦ ਪੁਲਿਸ ਟੀਮ ਵੀਰਵਾਰ ਦੇਰ ਸ਼ਾਮ ਨੂੰ ਪਿੰਡ ਰਤਨਗੜ੍ਹ ਪਹੁੰਚ ਗਈ।ਜ਼ਿਆਦਾਤਰ ਪੁਲੀਸ ਮੁਲਾਜ਼ਮ ਸਿਵਲ ਕੱਪੜਿਆਂ ਵਿੱਚ ਸਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ, ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਿੰਡ ਵਿੱਚ ਸੰਨਾਟਾ ਛਾ ਗਿਆ। ਜਦੋਂ ਪੁਲਿਸ ਅਮਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਦੇ ਘਰ ਪਹੁੰਚੀ ਤਾਂ ਉਹ ਘਰ ਨਹੀਂ ਮਿਲੇ ।

ਇਸ ਤੋਂ ਬਾਅਦ ਪੰਜਾਬ ਪੁਲਿਸ ਇਕ ਗੁਰਤੇਜ ਸਿੰਘ ਦੇ ਭਰਾ ਤੇ ਪਿਤਾ ਨੂੰ ਘਰੋਂ ਆਪਣੇ ਨਾਲ ਲੈ ਗਈ ਜਦਕਿ ਪੁਲਿਸ ਟੀਮ ਨੇ ਅਮਨਪ੍ਰੀਤ ਸਿੰਘ ਦੇ ਘਰ ਤੋ ਇੱਕ ਪੀਲੇ ਰੰਗ ਦੇ ਲਿਫਾਫੇ ਵਿੱਚੋ ਕੁਝ ਸ਼ੱਕੀ ਸਾਮਾਨ ਬਰਾਮਦ ਕੀਤਾ ਹੈ । ਇਸੇ ਦੌਰਾਨ ਚੰਡੀਗੜ੍ਹ ਏਜੀਟੀਐਫ ਵੱਲੋ ਤਲਾਸ਼ੀ ਦੌਰਾਨ ਕੁਝ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਜਾਣ ਬਾਰੇ ਵੀ ਪਿੰਡ ਵਿੱਚ ਚਰਚਾ ਹੈ । ਪੁਲਿਸ ਵੱਲੋ ਹੁਣ ਇਨ੍ਹਾਂ ਯੰਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਕਿਸ ਦੇ ਸੰਪਰਕ ਵਿਚ ਸਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ ਪਿੱਛੇ ਵਿਦੇਸ਼ ਬੈਠੇ ਕੋਈ ਗੈਂਗਸਟਰ ਜਾਂ ਖਾਲਿਸਤਾਨੀ ਸਬੰਧ ਹਨ।

ਪਿੰਡ ਰਤਨਗੜ ਵਿੱਚ ਅਮਨਪ੍ਰੀਤ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਚੰਡੀਗੜ੍ਹ ਵਿਖੇ ਡਰਾਈਵਰੀ ਕਰਦਾ ਹੈ, ਜਦਕਿ ਉਸਦਾ ਸਹੁਰਾ ਰਣਜੀਤ ਸਿੰਘ ਰਿਕਸ਼ਾ ਚਾਲਕ ਹੈ। ਉਸਦੇ 3 ਬੱਚੇ ਹਨ ਤੇ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹਨ। ਉਸਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਬੁੱਧਵਾਰ ਨੂੰ ਉਹ ਰਾਤ ਸਮੇਂ ਖਾਲੀ ਹੱਥ ਘਰ ਆਇਆ ਸੀ ਅਤੇ ਸਵੇਰੇ ਡਿਊਟੀ ਤੇ ਚਲਾ ਗਿਆ। ਉਸ ਨੇ ਦੱਸਿਆ ਕਿ ਕੱਲ੍ਹ ਵੀਰਵਾਰ ਨੂੰ ਬਾਅਦ ਦੁਪਹਿਰ ਪਹਿਲਾਂ.ਸਿਵਲ ਵਰਦੀ ਵਿੱਚ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਜਿਨ੍ਹਾਂ ਦੱਸਿਆ ਕਿ ‘ਵੱਡੇ ਸਾਹਬ’ ਦੀ ਪਤਨੀ ਗੱਡੀ ਚਲਾ ਰਹੀ ਸੀ, ਜਿਸ ਦੀ ਕਾਰ ਨੇ ਅਮਨਪ੍ਰੀਤ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਬਿਨਾਂ ਮੁਆਫ਼ੀ ਮੰਗੇ ਉਥੋਂ ਭੱਜ ਗਿਆ।

ਪਤਨੀ ਅਨੁਸਾਰ ਪਹਿਲਾਂ ਸਿਵਲ ਵਰਦੀ ਵਿੱਚ ਤਿੰਨ ਵਿਅਕਤੀ ਆਏ ਤੇ ਫਿਰ ਦੋ ਹੋਰ ਵਿਅਕਤੀ ਆ ਗਏ, ਜਿਨਾ ਨੇ ਉਸਨੂੰ ਇਕ ਵੀਡਿਓ ਦਿਖਾ ਕੇ ਅਮਨਪ੍ਰੀਤ ਦੀ ਪਛਾਣ ਕਰਨ ਲਈ ਅਤੇ ਇਕ ਆਡੀਓ ਸੁਣਾ ਕੇ ਅਮਨਪ੍ਰੀਤ ਦੀ ਆਵਾਜ ਪਛਾਨਣ ਲਈ ਕਿਹਾ, ਪ੍ਰੰਤੂ ਵੀਡਿਓਵਿੱਚ ਦਿਖਾਏ ਗਏ ਵਿਅਕਤੀ ਦਾ ਚਿਹਰਾ ਢਕਿਆ ਹੋਣ ਕਾਰਨ ਅਤੇ ਆਡੀਓ ਵਿਚਲੀ ਆਵਾਜ ਅਮਨਪ੍ਰੀਤ ਸਿੰਘ ਦੀ ਨਾ ਹੋਣ ਬਾਰੇ ਦੱਸਣ ਉਪਰੰਤ ਪੁਲਿਸ ਮੁਲਾਜ਼ਮ ਉਸਦਾ ਅਤੇ ਉਸਦੀ ਦਾਦੀ ਦਾ ਕੀਪੈਡ ਫ਼ੋਨ ਆਪਣੇ ਨਾਲ ਲੈ ਗਏ। ਜਿਸ ਉਪਰੰਤ ਸ਼ਾਮ ਸਮੇ ਵੱਡੀ ਗਿਣਤੀ ‘ਚ ਪੁਲਿਸ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਅਤੇ ਉਨਾਂ ਚੰਡੀਗੜ੍ਹ ਵਿੱਚ ਹੋਏ ਬੰਬ ਧਮਾਕੇ ਵਿੱਚ ਅਮਨਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਦੀ ਸ਼ਮੂਲੀਅਤ ਬਾਰੇ ਦੱਸਿਆ ਗਿਆ।

ਇਸੇ ਦੌਰਾਨ ਪੁਲਿਸ ਵੱਲੋ ਅਮਨਪ੍ਰੀਤ ਸਿੰਘ ਦੇ ਘਰ ਵਿਚ ਬੈੱਡਾਂ ਅਤੇ ਪੇਟੀ ਦੀ ਤਲਾਸ਼ੀ ਕੀਤੀ ਗਈ ਤਾਂ ਪੇਟੀ ‘ਚੋਂ ਇਕ ਪੀਲੇ ਰੰਗ ਦਾ ਲਿਫਾਫਾ ਮਿਲਿਆ। ਜਸਪ੍ਰੀਤ ਕੌਰ ਨੇ ਦੱਸਿਆ ਕਿ ਇਹ ਲਿਫਾਫਾ ,ਪੁਲਿਸ ਮੁਲਾਜ਼ਮਾ ਵੱਲੋ ਉਸ ਦੇ ਸਾਹਮਣੇ ਖੋਲਿਆ ਗਿਆ ਜਿਸ ਵਿੱਚੋ ਇੱਕ ਹੋਰ ਕਾਲੇ ਰੰਗ ਦੇ ਲਿਫਫੇ ਵਿੱਚੋ ਪਿਸਤੌਲ ਦੀਆਂ 3 ਗੋਲੀਆਂ ਵੀ ਬਰਾਮਦ ਹੋਈਆ, ਜਿਸ ਬਾਰੇ ਪਤਨੀ ਨੇ ਦੱਸਿਆ ਕਿ ਉਹ ਇਨ੍ਹਾਂ ਬਾਰੇ ਅਣਜਾਣ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਵੀ ਉਸ ਨੂੰ ਕਾਰ ਦੀ ਟੱਕਰ ਬਾਰੇ ਦੱਸਿਆ ਸੀ ਅਤੇ ਇਸ ਤੋਂ ਵੱਧ ਕੁਝ ਨਹੀਂ ਦੱਸਿਆ।ਜਸਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਉਨਾਂ ਨੂੰ ਵੀ ਬੱਚਿਆ ਸਮੇਤ ਮੋਰਿੰਡਾ ਥਾਣੇ ਵਿੱਚ ਲੈ ਗਈ ਸੀ, ਜਿੱਥੇ ਇਕ ਘੰਟੇ ਬਾਅਦ ਪੁਲਿਸ ਵੱਲੋ ਪੁੱਛਗਿੱਛ ਕਰਨ ਉਪਰੰਤ ਘਰ ਛੱਡ ਗਏ ਸਨ।

ਇਸੇ ਦੌਰਾਨ ਗੁਰਤੇਜ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਜਾਣ ਤੇ ਉਸਦੇ ਵੱਡੇ ਭਰਾ ਗੁਰਜੰਟ ਸਿੰਘ ਦੀ ਪਤਨੀ ਕੁਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਜੰਟ ਸਿੰਘ ਆਟੋ ਚਾਲਕ ਹੈ ਤੇ ਉਹਨਾਂ ਦੇ ਦੋ ਬੱਚੇ ਹਨ ਤੇ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ । ਉਸ ਨੇ ਦੱਸਿਆ ਕਿ ਗੁਰਤੇਜ ਸਿੰਘ ਚੰਡੀਗੜ੍ਹ ਵਿਖੇ ਕੰਮ ਕਰਦਾ ਸੀ ਜਿਹੜਾ ਕਦੇ ਕਦਾਈ ਹੀ ਪਿੰਡ ਆਉਂਦਾ ਸੀ ਪਰੰਤੂ ਬੁੱਧਵਾਰ ਨੂੰ ਰਾਤੀ 9 ਵਜੇ ਉਹ ਘਰ ਆਇਆ ਸੀ ਅਤੇ ਵੀਰਵਾਰ ਸਵੇਰੇ 4.30-5.00 ਵਜੇ ਘਰੋਂ ਸੈਰ ਕਰਨ ਲਈ ਗਿਆ ਸੀ ਜੋ ਵਾਪਸ ਨਹੀਂ ਪਰਤਿਆ ਉਸ ਨੇ ਦੱਸਿਆ ਕਿ ਕੱਲ ਸ਼ਾਮੀ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਵੀ ਗੁਰਤੇਜ ਸਿੰਘ ਬਾਰੇ ਕੁਝ ਨਹੀਂ ਦੱਸਿਆ ਗਿਆ ਅਤੇ ਪੁਲਿਸ ਉਸਦੇ ਸਹੁਰੇ ਤੇ ਪਤੀ ਨੂੰ ਆਪਣੇ ਨਾਲ ਲੈ ਗਈ। ਜਦਕਿ ਗੁਰਤੇਜ ਸਿੰਘ ਸਬੰਧੀ ਉਨਾ ਨੂੰ ਅੱਜ ਅਖਬਾਰਾਂ ਤੇ ਟੀਵੀ ਚੈਨਲਾਂ ਰਾਹੀਂ ਹੀ ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਵਿੱਚ ਉਸਦੀ ਸ਼ਮੂਲੀਅਤ ਬਾਰੇ ਪਤਾ ਚੱਲਿਆ ਹੈ । ਕੁਲਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਵੀ 5.30 ਵਜੇ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਗੁਰਤੇਜ ਸਿੰਘ ਦਾ ਬੈਗ ਲੈ ਕੇ ਚਲੇ ਗਏ।

ਅਮਨਪ੍ਰੀਤ ਸਿੰਘ ਦੀ ਦਾਦੀ ਅਮਰ ਕੌਰ, ਪਤਨੀ ਜਸਪ੍ਰੀਤ ਕੌਰ ਨੇ ਪੰਜਾਬ ਸਰਕਾਰ ਤੋ ਇਨਸਾਫ ਦੇਣ ਅਤੇ ਗੁਰਤੇਜ ਸਿੰਘ ਦੀ ਭਰਜਾਈ ਕੁਲਪ੍ਰੀਤ ਕੌਰ ਨੇ ਆਪਣੇ ਸਹੁਰੇ ਤੇ ਪਤੀ ਦੀ ਰਿਹਾਈ ਦੀ ਮੰਗ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।