ਅੰਮ੍ਰਿਤਸਰ, 5 ਮਈ: ਦੇਸ਼ ਕਲਿੱਕ ਬਿਊਰੋ:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਨਗਰ ਵਿੱਚ ਇੱਕ ਕਿਰਤੀ ਸਿੱਖ ਕਿਸਾਨ (ਸਾਬਕਾ ਫ਼ੌਜੀ) ਕੁਲਦੀਪ ਸਿੰਘ ਨਾਲ ਅਤੇ ਉਸ ਦੇ ਪੁੱਤਰ ਕਾਕਾ ਸੁਮਨਪ੍ਰੀਤ ਸਿੰਘ (16) ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਕਿਸਾਨ ਦੇ ਸਿਰ ’ਤੇ ਗੰਭੀਰ ਚੋਟ ਲੱਗੀ ਹੈ, ਜਦਕਿ ਉਸਨੂੰ ਸੱਜੇ ਕੰਨ ਨਾਲ ਸੁਣਨ ਅਤੇ ਸੱਜੀ ਅੱਖ ਨਾਲ ਵੇਖਣ ਵਿੱਚ ਮੁਸ਼ਕਲ ਆ ਰਹੀ ਹੈ।
ਉਨ੍ਹਾਂ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਦੋਸ਼ੀ ਕਰਮਚਾਰੀਆਂ ਦੀ ਪਛਾਣ ਉਪਰੰਤ ਇਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਜਥੇਦਾਰ ਗੜਗੱਜ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੀੜਤ ਸਿੱਖ ਨੌਜਵਾਨ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਲਈ ਖੁਦ ਉਨ੍ਹਾਂ ਦਾ ਸਾਥ ਦੇਣ ਪਹੁੰਚਣਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਅੱਜ ਇੱਕ ਸੇਵਾਮੁਕਤ ਫ਼ੌਜੀ ਨਾਲ ਸਥਾਨਕ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕਾ ਕਰ ਰਿਹਾ ਹੈ ਤਾਂ ਇਸ ਤੋਂ ਆਮ ਪੰਜਾਬੀ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਪ੍ਰਧਾਨ ਨਾਲ ਖੁਦ ਗੱਲ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਆਖਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਫ਼ੌਜੀ ਹੈ ਜੋ ਹੁਣ ਕਿਸਾਨੀ ਦੀ ਕਿਰਤ ਕਰਕੇ ਆਪਣੇ ਖੇਤਾਂ ਵਿੱਚ ਸਬਜ਼ੀਆਂ ਬੀਜ ਕੇ ਬਜ਼ਾਰ ਵਿੱਚ ਟ੍ਰੈਕਟਰ ਨਾਲ ਸਕੰਜਾ ਲਗਾ ਕਿ ਖੁਦ ਵੇਚਦਾ ਹੈ। ਨਗਰ ਕੌਂਸਲ ਕਰਮਚਾਰੀਆਂ ਨੇ ਸਿੱਖ ਨੌਜਵਾਨ ਨੂੰ ਕੇਵਲ ਇਸ ਕਰਕੇ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸਨੇ ਕੁੱਟਮਾਰ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸਦੀ ਟਰਾਲੀ ਹਟਾਉਣ ਆਏ ਨਗਰ ਕੌਂਸਲ ਮੁਲਾਜ਼ਮਾਂ ਨੂੰ ਕੇਵਲ ਇਹ ਸਵਾਲ ਕੀਤਾ ਸੀ ਕਿ ਜਿੱਥੇ ਇਤਨੀਆਂ ਹੋਰ ਰੇਹੜੀਆਂ ਲੱਗੀਆਂ ਹੋਈਆਂ ਹਨ ਉੱਥੇ ਉਸ ਦੇ ਟ੍ਰੈਕਟਰ ਲੱਗਣ ਨਾਲ ਕੀ ਫਰਕ ਪੈਂਦਾ ਹੈ। ਗੁੱਸੇ ਵਿੱਚ ਆਏ ਨਗਰ ਕੌਂਸਲ ਮੁਲਾਜ਼ਮ ਪਹਿਲਾਂ ਉਸਦਾ ਕੰਡਾ ਚੁੱਕ ਕੇ ਲੈ ਗਏ, ਕੁਝ ਸਮੇਂ ਬਾਅਦ ਉਸਨੂੰ ਕੁੱਟਣ ਲਈ ਆ ਗਏ। ਕਮਰਚਾਰੀਆਂ ਨੇ ਗੁੰਡਿਆਂ ਵਾਂਗ ਕਿਰਤੀ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਸਿੱਖ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਦਕਿ ਸ਼ਹਿਰਾਂ ਅਤੇ ਨਗਰਾਂ ਅੰਦਰ ਸ਼ਰੇਆਮ ਪੈਸੇ ਲੈ ਕੇ ਸੂਬੇ ਤੋਂ ਬਾਹਰੀ ਲੋਕਾਂ ਦੀਆਂ ਰੇੜੀਆਂ ਫੜੀਆਂ ਲੁਆਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਆਪਣੀ ਮਿਹਨਤ ਸਦਕਾ ਕੋਈ ਸੱਚੀ-ਸੁੱਚੀ ਕਿਰਤ ਕਰਦੇ ਹਨ ਤਾਂ ਸਰਕਾਰੀ ਸ਼ਹਿ ਵਾਲੇ ਗੁੰਡਾ ਅਨਸਰ ਉਨ੍ਹਾਂ ਨੂੰ ਸੂਬੇ ਅੰਦਰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਨੱਥ ਪਾਈ ਜਾਵੇ।



