ਮੁੰਬਈ, 14 ਮਈ 2026: ਭਾਰਤੀ ਰਿਜ਼ਰਵ ਬੈਂਕ (RBI) ਨੇ ਵਿੱਤੀ ਸਥਿਤੀ ਬੇਹੱਦ ਕਮਜ਼ੋਰ ਹੋਣ ਕਾਰਨ ਮੁੰਬਈ ਸਥਿਤ ਸਰਵੋਦਿਆ ਕੋ-ਆਪਰੇਟਿਵ ਬੈਂਕ ਲਿਮਟਿਡ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਬੈਂਕ ਕੋਲ ਲੋੜੀਂਦੀ ਪੂੰਜੀ ਦੀ ਕਮੀ ਅਤੇ ਭਵਿੱਖ ਵਿੱਚ ਕਮਾਈ ਦੀਆਂ ਮਾੜੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਕੀਤੀ ਗਈ ਹੈ। ਇਹ ਫੈਸਲਾ 12 ਮਈ, 2026 ਨੂੰ ਕਾਰੋਬਾਰੀ ਸਮਾਂ ਖਤਮ ਹੋਣ ਤੋਂ ਬਾਅਦ ਪ੍ਰਭਾਵੀ ਹੋ ਗਿਆ ਹੈ।
RBI ਨੇ ਸਪੱਸ਼ਟ ਕੀਤਾ ਕਿ ਬੈਂਕ ‘ਬੈਂਕਿੰਗ ਰੈਗੂਲੇਸ਼ਨ ਐਕਟ’ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ ਹੈ ਅਤੇ ਮੌਜੂਦਾ ਹਾਲਾਤਾਂ ਵਿੱਚ ਬੈਂਕ ਦਾ ਸੰਚਾਲਨ ਜਾਰੀ ਰੱਖਣਾ ਜਮ੍ਹਾਂਕਰਤਾਵਾਂ ਦੇ ਹਿੱਤ ਵਿੱਚ ਨਹੀਂ ਸੀ।
ਲਾਇਸੈਂਸ ਰੱਦ ਹੋਣ ਤੋਂ ਬਾਅਦ ਬੈਂਕ ਦੀਆਂ ਸਾਰੀਆਂ ਬੈਂਕਿੰਗ ਸੇਵਾਵਾਂ, ਜਿਸ ਵਿੱਚ ਜਮ੍ਹਾਂ ਰਾਸ਼ੀ ਸਵੀਕਾਰ ਕਰਨਾ ਅਤੇ ਪੈਸੇ ਵਾਪਸ ਕਰਨਾ ਸ਼ਾਮਲ ਹੈ, ਤੁਰੰਤ ਪ੍ਰਭਾਵ ਨਾਲ ਬੰਦ ਹੋ ਗਈਆਂ ਹਨ।
ਕੇਂਦਰੀ ਬੈਂਕ ਅਨੁਸਾਰ, ਜਿਨ੍ਹਾਂ ਖਾਤਾਧਾਰਕਾਂ ਦੀ ਜਮ੍ਹਾਂ ਰਾਸ਼ੀ 5 ਲੱਖ ਰੁਪਏ ਤੱਕ ਹੈ, ਉਨ੍ਹਾਂ ਦਾ ਪੂਰਾ ਪੈਸਾ ‘ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ’ (DICGC) ਤਹਿਤ ਸੁਰੱਖਿਅਤ ਹੈ ਅਤੇ ਵਾਪਸ ਮਿਲੇਗਾ। ਬੈਂਕ ਦੇ ਲਗਭਗ
98.36 ਫੀਸਦੀ ਜਮ੍ਹਾਂਕਰਤਾ ਅਜਿਹੇ ਹਨ, ਜਿਨ੍ਹਾਂ ਨੂੰ DICGC ਰਾਹੀਂ ਉਨ੍ਹਾਂ ਦੀ ਪੂਰੀ ਜਮ੍ਹਾਂ ਰਾਸ਼ੀ ਵਾਪਸ ਮਿਲ ਜਾਵੇਗੀ। 31 ਮਾਰਚ 2026 ਤੱਕ, DICGC ਪਹਿਲਾਂ ਹੀ ਬੈਂਕ ਦੇ ਗਾਹਕਾਂ ਨੂੰ ਬੀਮਾ ਰਾਸ਼ੀ ਵਜੋਂ ਕਰੀਬ 26.72 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਾ ਹੈ।
RBI ਨੇ ਮਹਾਰਾਸ਼ਟਰ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਬੈਂਕ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਇੱਕ ‘ਲਿਕਵੀਡੇਟਰ’ (ਨਿਪਟਾਰਾ ਕਰਨ ਵਾਲਾ ਅਧਿਕਾਰੀ) ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਅਧਿਕਾਰੀ ਬੈਂਕ ਦੀਆਂ ਜਾਇਦਾਦਾਂ ਨੂੰ ਵੇਚ ਕੇ ਦੇਣਦਾਰੀਆਂ ਦਾ ਨਿਪਟਾਰਾ ਕਰੇਗਾ।
ਪਿਛਲੇ ਕੁਝ ਸਮੇਂ ਤੋਂ ਰਿਜ਼ਰਵ ਬੈਂਕ ਵਿੱਤੀ ਤੌਰ ‘ਤੇ ਕਮਜ਼ੋਰ ਸ਼ਹਿਰੀ ਸਹਿਕਾਰੀ ਬੈਂਕਾਂ ‘ਤੇ ਸਖ਼ਤੀ ਵਰਤ ਰਿਹਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, RBI ਨੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਹਾਲਾਂਕਿ, ਪੇਟੀਐਮ ਦੇ ਮਾਮਲੇ ਵਿੱਚ RBI ਨੇ ਭਰੋਸਾ ਦਿੱਤਾ ਸੀ ਕਿ ਬੈਂਕ ਕੋਲ ਸਾਰੇ ਗਾਹਕਾਂ ਦੇ ਪੈਸੇ ਵਾਪਸ ਕਰਨ ਲਈ ਲੋੜੀਂਦੀ ਨਕਦੀ (Liquidity) ਮੌਜੂਦ ਹੈ।



