ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਏ ਹਨ। ਸੀਐਮ ਸੈਣੀ ਨੇ ਸੂਬੇ ਵਿੱਚ VIP ਵਾਹਨਾਂ ਦੇ ਬੇੜੇ ਵਿੱਚ 50 ਪ੍ਰਤੀਸ਼ਤ ਤੱਕ ਦੀ ਕਟੌਤੀ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਆਪਣੇ ਕਾਫ਼ਲੇ (Fleet) ਵਿੱਚ ਵਾਹਨਾਂ ਦੀ ਸੰਖਿਆ ਘਟਾਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਵੱਲੋਂ Fuel ਦੀ ਬੱਚਤ ਅਤੇ ਸਰਕਾਰੀ ਸਾਧਨਾਂ ਦੀ ਸਹੀ ਵਰਤੋਂ ਦੇ ਸੱਦੇ ‘ਤੇ ਹਰਿਆਣਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਨਵੇਂ ਹੁਕਮਾਂ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵਿੱਚ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਹੋਰ VIP ਸ਼੍ਰੇਣੀਆਂ ਲਈ ਉਪਲਬਧ ਵਾਹਨਾਂ ਦੀ ਸਮੀਖਿਆ ਕੀਤੀ ਗਈ ਹੈ। ਹੁਣ ਜਿੱਥੇ ਇੱਕ ਤੋਂ ਵੱਧ ਵਾਹਨ ਤਾਇਨਾਤ ਹਨ, ਉੱਥੇ ਉਨ੍ਹਾਂ ਦੀ ਗਿਣਤੀ ਅੱਧੀ ਕਰ ਦਿੱਤੀ ਜਾਵੇਗੀ।
ਪ੍ਰੋਟੋਕਾਲ ਅਨੁਸਾਰ ਮੁੱਖ ਮੰਤਰੀ ਨਾਇਬ ਸੈਣੀ ਦੇ ਕਾਫ਼ਲੇ ਵਿੱਚ 8 ਤੋਂ 15 ਗੱਡੀਆਂ ਹੁੰਦੀਆਂ ਹਨ। ਉਨ੍ਹਾਂ ਦੀ ਸੁਰੱਖਿਆ ਲਈ 10 ਤੋਂ ਵੱਧ NSG ਕਮਾਂਡੋ ਅਤੇ ਪੁਲਿਸ ਮੁਲਾਜ਼ਮਾਂ ਸਮੇਤ 55 ਸਿਖਲਾਈ ਪ੍ਰਾਪਤ ਜਵਾਨ ਤਾਇਨਾਤ ਹਨ। ਪਹਿਲਾਂ ਸੁਰੱਖਿਆ ਜਵਾਨ 4 ਤੋਂ 5 ਗੱਡੀਆਂ ਵਿੱਚ ਚੱਲਦੇ ਸਨ ਅਤੇ ਸਟਾਫ਼ ਲਈ 2-3 ਗੱਡੀਆਂ ਵੱਖਰੀਆਂ ਹੁੰਦੀਆਂ ਸਨ। ਹੁਣ ਸੀਐਮ ਦੇ ਇਸ ਫੈਸਲੇ ਤੋਂ ਬਾਅਦ ਗੱਡੀਆਂ ਦੀ ਕੁੱਲ ਸੰਖਿਆ ਘਟ ਕੇ ਸਿਰਫ਼ 7 ਦੇ ਕਰੀਬ ਰਹਿ ਜਾਵੇਗੀ।
CM ਸੈਣੀ ਵੱਲੋਂ ਲਏ ਗਏ ਅਹਿਮ ਫੈਸਲੇ
ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਗਲੇ ਹੁਕਮਾਂ ਤੱਕ ਉਨ੍ਹਾਂ ਦੇ ਕਾਫ਼ਲੇ ਵਿੱਚ ਸੁਰੱਖਿਆ ਪੱਖੋਂ ਸਿਰਫ਼ ਜ਼ਰੂਰੀ ਵਾਹਨ ਹੀ ਸ਼ਾਮਲ ਹੋਣਗੇ। ਸੀਐਮ ਨੇ ਹਫ਼ਤੇ ਵਿੱਚ ਇੱਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਕੰਮ ਕਰਨ ਦਾ ਸੰਕਲਪ ਲਿਆ ਹੈ। ਸੂਬੇ ਦੇ ਸਾਰੇ ਮੰਤਰੀ ਅਤੇ ਵਿਭਾਗੀ ਅਧਿਕਾਰੀ ਵੀ ਯਾਤਰਾ ਦੌਰਾਨ ਸੀਮਤ ਵਾਹਨਾਂ ਦੀ ਵਰਤੋਂ ਯਕੀਨੀ ਬਣਾਉਣਗੇ। ਮੰਤਰੀਆਂ ਅਤੇ ਵਿਧਾਇਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਮੀਟਿੰਗਾਂ ਵੀਡੀਓ ਕਾਨਫਰੰਸਿੰਗ (Virtual Mode) ਰਾਹੀਂ ਕਰਨ।
ਨਵੇਂ ਹੁਕਮਾਂ ਤੋਂ ਬਾਅਦ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀਆਂ ਵਾਧੂ ਗੱਡੀਆਂ ਵਾਪਸ ਲਈਆਂ ਜਾਣਗੀਆਂ। ‘ਐਸਕੋਰਟ’ (Escort) ਅਤੇ ‘ਫਾਲੋ’ (Follow) ਕਾਰਾਂ ਦੀ ਤਾਇਨਾਤੀ ਦੀ ਸਮੀਖਿਆ ਕੀਤੀ ਜਾਵੇਗੀ। ਵਿਭਾਗੀ ਪੂਲ ਦੇ ਵਾਹਨਾਂ ਦੀ ਸਾਂਝੀ ਵਰਤੋਂ ਵਧਾਈ ਜਾਵੇਗੀ ਅਤੇ ਨਵੀਆਂ ਗੱਡੀਆਂ ਦੀ ਖਰੀਦ ‘ਤੇ ਵੀ ਸਖ਼ਤ ਕੰਟਰੋਲ ਰੱਖਿਆ ਜਾਵੇਗਾ।



