ਨਵੀਂ ਦਿੱਲੀ, 14 ਮਈ 2026: ਭਾਰਤੀ ਚੋਣ ਕਮਿਸ਼ਨ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਨਿਰੀਖਣ (SIR – Special Intensive Revision) ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਅਨੁਸਾਰ ਇਹ ਪ੍ਰਕਿਰਿਆ ਵੱਖ-ਵੱਖ ਰਾਜਾਂ ਵਿੱਚ ਪੜਾਅਵਾਰ ਤਰੀਕੇ ਨਾਲ ਨੇਪਰੇ ਚਾੜ੍ਹੀ ਜਾਵੇਗੀ।
ਤੀਜੇ ਪੜਾਅ ਵਿੱਚ ਵੋਟਰ ਸੂਚੀਆਂ ਦੀ ਸਮੀਖਿਆ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲਦਾਖ ਨੂੰ ਛੱਡ ਕੇ ਲਗਭਗ ਪੂਰੇ ਦੇਸ਼ ਵਿੱਚ ਕੀਤੀ ਜਾਵੇਗੀ (ਇਨ੍ਹਾਂ ਤਿੰਨਾਂ ਖੇਤਰਾਂ ਲਈ ਪ੍ਰੋਗਰਾਮ ਦਾ ਐਲਾਨ ਬਾਅਦ ਵਿੱਚ ਹੋਵੇਗਾ)।
ਇਸ ਮੁਹਿੰਮ ਤਹਿਤ 3.94 ਲੱਖ ਤੋਂ ਵੱਧ ਬੂਥ ਲੈਵਲ ਅਫ਼ਸਰ (BLO) ਲਗਭਗ 36.73 ਕਰੋੜ ਵੋਟਰਾਂ ਦੇ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰਨਗੇ। ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ 3.42 ਲੱਖ ਬੂਥ ਲੈਵਲ ਏਜੰਟ (BLA) ਵੀ ਇਸ ਕੰਮ ਵਿੱਚ ਸਹਿਯੋਗ ਦੇਣਗੇ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਵਿੱਚ ਇਹ ਵੋਟਰ ਸੂਚੀ ਸੁਧਾਈ (SIR) ਅਗਾਮੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਰਵਾਈ ਜਾ ਰਹੀ ਹੈ, ਤਾਂ ਜੋ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਦਰੁਸਤ ਕੀਤਾ ਜਾ ਸਕੇ।
ਤਾਜ਼ਾ ਜਾਣਕਾਰੀ ਅਨੁਸਾਰ, ਪੰਜਾਬ ਵਿੱਚ 15 ਜੂਨ 2026 ਤੋਂ SIR ਦੀਆਂ ਤਿਆਰੀਆਂ, ਸਿਖਲਾਈ ਅਤੇ ਫਾਰਮਾਂ ਦੀ ਪ੍ਰਿੰਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ 25 ਜੂਨ ਤੋਂ ਬਲਾਕ ਲੈਵਲ ਅਫ਼ਸਰ (BLO) ਫੀਲਡ ਵਿੱਚ ਉਤਰਨਗੇ ਅਤੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਇਕੱਠੀ ਕਰਨਗੇ। ਇਸ ਦੌਰਾਨ ਨਵੇਂ ਵੋਟਰਾਂ (ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ) ਦੇ ਨਾਮ ਦਰਜ ਕੀਤੇ ਜਾਣਗੇ ਅਤੇ ਮ੍ਰਿਤਕ ਜਾਂ ਇਲਾਕਾ ਛੱਡ ਚੁੱਕੇ ਵੋਟਰਾਂ ਦੇ ਨਾਮ ਸੂਚੀ ਵਿੱਚੋਂ ਕੱਟੇ ਜਾਣਗੇ।

ਇਸ ਮੁਹਿੰਮ ਦੇ ਐਲਾਨ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਵਿਰੋਧੀ ਧਿਰਾਂ ਨੇ ਲਗਾਤਾਰ ਸਵਾਲ ਖੜ੍ਹੇ ਕੀਤੇ ਹਨ ਕਿ ਅਕਸਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਅਤੇ ਸੱਤਾਧਾਰੀ ਧਿਰ ਨਾਲ ਮਿਲ ਕੇ ਕਥਿਤ ਤੌਰ ‘ਤੇ ਵਿਰੋਧੀ ਵੋਟਰਾਂ ਦੇ ਨਾਮ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਵਿਰੋਧੀਆਂ ਦਾ ਦੋਸ਼ ਹੈ ਕਿ ਕਈ ਵਾਰ SIR ਜਾਂ ਹੋਰ ਬਹਾਨਿਆਂ ਹੇਠ ਸੂਚੀਆਂ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ, ਜਿਸ ਪ੍ਰਤੀ ਉਹ ਸੁਚੇਤ ਰਹਿਣਗੇ। ਚੋਣ ਕਮਿਸ਼ਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ BLO ਘਰ ਆਉਣ ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2027 ਤੱਕ 18 ਸਾਲ ਹੋ ਜਾਵੇਗੀ, ਉਹ ਇਸ ਮੁਹਿੰਮ ਦੌਰਾਨ ਆਪਣੀ ਵੋਟ ਬਣਵਾਉਣ ਲਈ ਅਪਲਾਈ ਕਰ ਸਕਦੇ ਹਨ।



