ਨਵੀਂ ਦਿੱਲੀ, 14 ਮਈ 2026: ਦਿੱਲੀ ਵਿੱਚ ਇੱਕ ਵਾਰ ਫਿਰ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਲ 2012 ਦੇ ਨਿਰਭਿਆ ਕਾਂਡ ਦੀਆਂ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਦਿੱਲੀ ਦੇ ਰਾਣੀ ਬਾਗ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ 30 ਸਾਲਾ ਮਹਿਲਾ ਨੂੰ ਅਗਵਾ ਕਰਕੇ ਚਲਦੀ ਸਲੀਪਰ ਬੱਸ ਵਿੱਚ ਸਮੂਹਿਕ ਬਲਾਤਕਾਰ (ਗੈਂਗਰੇਪ) ਕੀਤਾ ਗਿਆ।
ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਲਈ ਵਰਤੀ ਗਈ ਬੱਸ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ।
ਪੀੜਤ ਮਹਿਲਾ ਪੀਤਮਪੁਰਾ ਦੀਆਂ ਝੁੱਗੀਆਂ ਵਿੱਚ ਰਹਿੰਦੀ ਹੈ ਅਤੇ ਮੰਗੋਲਪੁਰੀ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਸੋਮਵਾਰ ਰਾਤ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਪੈਦਲ ਹੀ ਆਪਣੇ ਘਰ ਪਰਤ ਰਹੀ ਸੀ।
ਜਦੋਂ ਉਹ ਸਰਸਵਤੀ ਵਿਹਾਰ ਦੇ ਬੀ-ਬਲਾਕ ਬੱਸ ਸਟੈਂਡ ਕੋਲ ਪਹੁੰਚੀ, ਤਾਂ ਉੱਥੇ ਇੱਕ ਸਲੀਪਰ ਬੱਸ ਆ ਕੇ ਰੁਕੀ। ਪੀੜਤਾ ਨੇ ਬੱਸ ਦੇ ਦਰਵਾਜ਼ੇ ‘ਤੇ ਖੜ੍ਹੇ ਇੱਕ ਨੌਜਵਾਨ ਤੋਂ ਸਮਾਂ ਪੁੱਛਿਆ, ਪਰ ਜਵਾਬ ਦੇਣ ਦੀ ਬਜਾਏ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਬੱਸ ਦੇ ਅੰਦਰ ਖਿੱਚ ਲਿਆ।
ਪੀੜਤਾ ਅਨੁਸਾਰ, ਬੱਸ ਦੇ ਅੰਦਰ ਖਿੱਚਦਿਆਂ ਹੀ ਮੁਲਜ਼ਮਾਂ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਡਰਾਈਵਰ ਨੂੰ ਬੱਸ ਚਲਾਉਣ ਲਈ ਕਿਹਾ। ਚਲਦੀ ਬੱਸ ਵਿੱਚ ਦੋ ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਸਿਲਸਿਲਾ ਨਾਂਗਲੋਈ ਮੈਟਰੋ ਸਟੇਸ਼ਨ ਤੱਕ ਕਰੀਬ ਸੱਤ ਕਿਲੋਮੀਟਰ ਤੱਕ ਚੱਲਦਾ ਰਿਹਾ। ਲਗਭਗ ਦੋ ਘੰਟੇ ਤੱਕ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ, ਰਾਤ ਕਰੀਬ ਦੋ ਵਜੇ ਮੁਲਜ਼ਮਾਂ ਨੇ ਪੀੜਤਾ ਨੂੰ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਸੜਕ ‘ਤੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਨੇ ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।



