ਜ਼ੀਰਕਪੁਰ/ਚੰਡੀਗੜ੍ਹ: ਸ਼ੁੱਕਰਵਾਰ ਸਵੇਰੇ ਜ਼ੀਰਕਪੁਰ ਦੇ ਛੱਤ ਲਾਈਟ ਚੌਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਮਨਾਲੀ ਤੋਂ ਦਿੱਲੀ ਜਾ ਰਹੀ ਇੱਕ ਨਿੱਜੀ ਟੂਰਿਸਟ ਬੱਸ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ। ਹਾਦਸੇ ਵਿੱਚ ਲਗਭਗ 20 ਤੋਂ 22 ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਚਸ਼ਮਦੀਦਾਂ ਅਨੁਸਾਰ, ਜਦੋਂ ਬੱਸ ਛੱਤ ਲਾਈਟ ਚੌਕ ਨੇੜੇ ਪਹੁੰਚੀ ਤਾਂ ਜ਼ੀਰਕਪੁਰ ਤੋਂ ਪਟਿਆਲਾ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ ਅਤੇ ਅੰਦਰ ਸਵਾਰ ਸਵਾਰੀਆਂ ਵਿੱਚ ਹਾਹਾਕਾਰ ਮਚ ਗਈ। ਹਾਦਸੇ ਵਿੱਚ ਬੱਸ ਤੋਂ ਇਲਾਵਾ ਦੋ ਹੋਰ ਟਰੱਕਾਂ ਦੇ ਵੀ ਨੁਕਸਾਨੇ ਜਾਣ ਦੀ ਖ਼ਬਰ ਹੈ।
ਹਾਦਸੇ ਦੌਰਾਨ ਇੱਕ ਨੌਜਵਾਨ ਬੱਸ ਦੇ ਹੇਠਾਂ ਬੁਰੀ ਤਰ੍ਹਾਂ ਫਸ ਗਿਆ ਸੀ, ਜਿਸ ਦਾ ਹੱਥ ਕੁਚਲਿਆ ਗਿਆ। ਸਥਾਨਕ ਲੋਕਾਂ ਅਤੇ ਸੜਕ ਸੁਰੱਖਿਆ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕਈਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।
ਬੱਸ ਸੜਕ ਦੇ ਵਿਚਕਾਰ ਪਲਟਣ ਕਾਰਨ ਹਾਈਵੇਅ ‘ਤੇ ਕਰੀਬ ਦੋ ਘੰਟੇ ਤੱਕ ਭਾਰੀ ਜਾਮ ਲੱਗਿਆ ਰਿਹਾ। ਬਾਅਦ ਵਿੱਚ ਪੁਲਿਸ ਨੇ ਹਾਈਡ੍ਰਾ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ।
ਜ਼ਿਲ੍ਹਾ ਪਟਿਆਲਾ ਦੇ ਕਸਬਾ ਘੱਗਾ ਵਿਖੇ ਵੀ ਅੱਜ ਤੜਕੇ ਕਰੀਬ 3 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਇੱਕ ਟੂਰਿਸਟ ਬੱਸ ਅਤਾਲਾਂ ਮੋੜ ਨੇੜੇ ਬੇਕਾਬੂ ਹੋ ਕੇ ਪਲਟ ਗਈ।
ਇਸ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜ਼ਖ਼ਮੀਆਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਾਰੀਆਂ ਸਵਾਰੀਆਂ ਨੀਂਦ ਵਿੱਚ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।



