- ਕਰੋੜਾਂ ਦੇ ਜ਼ਮੀਨ ਗਬਨ ਮਾਮਲੇ ਨਾਲ ਜੁੜੇ ਤਾਰ
- ਪੱਟੀ ਪੁਲਿਸ ਨੇ ਸਵੇਰੇ 7 ਵਜੇ ਸਰਕਾਰੀ ਰਿਹਾਇਸ਼ ਤੋਂ ਕੀਤਾ ਕਾਬੂ
ਤਰਨਤਾਰਨ/ਗੁਰਦਾਸਪੁਰ, 16 ਮਈ 2026: ਪੰਜਾਬ ਪ੍ਰਸ਼ਾਸਨਿਕ ਸੇਵਾਵਾਂ (PCS) ਦੇ ਹਲਕਿਆਂ ਵਿੱਚ ਉਸ ਵੇਲੇ ਭਾਜੜ ਮੱਚ ਗਈ, ਜਦੋਂ ਗੁਰਦਾਸਪੁਰ ਵਿਖੇ ਤਾਇਨਾਤ ਮੌਜੂਦਾ ਐਸ.ਡੀ.ਐਮ. (SDM) ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਜਾਣਕਾਰੀ ਅਨੁਸਾਰ, ਪੁਲਿਸ ਨੇ ਇਹ ਕਾਰਵਾਈ ਅੱਜ ਸਵੇਰੇ ਤੜਕਸਾਰ ਲਗਭਗ 7 ਵਜੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਮਾਮਲਾ ਜੰਮੂ-ਕਸ਼ਮੀਰ ਤੋਂ ਰਾਜਸਥਾਨ ਤੱਕ ਬਣ ਰਹੇ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਵੰਡ ਵਿੱਚ ਹੋਈ ਵੱਡੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਇਸ ਜ਼ਮੀਨ ਐਕਵਾਇਰ ਪ੍ਰਕਿਰਿਆ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਗਿਆ।
ਇਸ ਮਾਮਲੇ ਵਿੱਚ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ‘ਤੇ 1 ਕਰੋੜ 63 ਲੱਖ ਰੁਪਏ ਦੇ ਸਰਕਾਰੀ ਫੰਡਾਂ ਦੇ ਗਬਨ ਦਾ ਕੇਸ ਪਹਿਲਾਂ ਹੀ ਚੱਲ ਰਿਹਾ ਸੀ, ਜਿਸ ਦੀ ਜਾਂਚ ਉੱਚ ਪੱਧਰ ‘ਤੇ ਕੀਤੀ ਜਾ ਰਹੀ ਸੀ। ਪੱਟੀ ਪੁਲਿਸ ਵੱਲੋਂ ਅੱਜ ਸਵੇਰੇ ਕੀਤੀ ਗਈ ਇਸ ਅਚਨਚੇਤ ਕਾਰਵਾਈ ਨੂੰ ਇਸੇ ਜਾਂਚ ਦੀ ਅਗਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।



