- ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਚੇਤਾਵਨੀ
- ਡੀਹਾਈਡ੍ਰੇਸ਼ਨ ਤੋਂ ਬਚਣ ਲਈ ਲੋਕ ਲੈ ਰਹੇ ਨੇ ਨਿੰਬੂ ਪਾਣੀ ਅਤੇ ਤਰਬੂਜ ਦਾ ਸਹਾਰਾ
- ਮਾਹਿਰਾਂ ਦੀ ਸਲਾਹ: ਤੇਜ਼ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚੋ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ
ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਚੱਲ ਰਹੀ ਲੂ (ਹੀਟ ਵੇਵ) ਕਾਰਨ ਮੌਸਮ ਵਿੱਚ ਵੱਡੀ ਤਬਦੀਲੀ ਦੇਖੀ ਜਾ ਰਹੀ ਹੈ ਅਤੇ ਅੱਜ ਸ਼ਹਿਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਹੋਰ ਵਧ ਸਕਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ।
ਅੱਤ ਦੀ ਗਰਮੀ ਅਤੇ ਤੇਜ਼ ਧੁੱਪ ਕਾਰਨ ਦਪਹਿਰ ਦੇ ਸਮੇਂ ਸੜਕਾਂ ‘ਤੇ ਟ੍ਰੈਫਿਕ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸਕਰ ਦੋਪਹੀਆ ਵਾਹਨ (ਟੂ-ਵ੍ਹੀਲਰ) ਚਲਾਉਣ ਵਾਲਿਆਂ ਨੂੰ ਇਸ ਭਿਆਨਕ ਗਰਮੀ ਦਾ ਸਭ ਤੋਂ ਵੱਧ ਸਾਹਮਣੇ ਕਰਨਾ ਪੈ ਰਿਹਾ ਹੈ। ਲੋਕ ਗਰਮੀ ਅਤੇ ਲੂ ਤੋਂ ਬਚਣ ਲਈ ਪੂਰੀਆਂ ਬਾਹਵਾਂ ਦੇ ਕੱਪੜੇ ਪਹਿਨ ਕੇ, ਮੂੰਹ ਸਿਰ ਢੱਕ ਕੇ ਘਰਾਂ ਤੋਂ ਨਿਕਲ ਰਹੇ ਹਨ ਅਤੇ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਲਾਜ਼ਮੀ ਰੱਖ ਰਹੇ ਹਨ।
ਗਰਮੀ ਦੇ ਖ਼ਤਰੇ ਨੂੰ ਦੇਖਦਿਆਂ ਲੋਕ ਸਿਰਫ਼ ਬਹੁਤ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਆ ਰਹੇ ਹਨ। ਸ਼ਹਿਰ ਵਿੱਚ ਨਿੰਬੂ ਪਾਣੀ, ਸ਼ਿਕੰਜਵੀ, ਗੰਨੇ ਦੇ ਰਸ ਅਤੇ ਤਰਬੂਜ ਦੀਆਂ ਦੁਕਾਨਾਂ ‘ਤੇ ਲੋਕਾਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਲੋਕ ਤਪਸ਼ ਤੋਂ ਰਾਹਤ ਪਾਉਣ ਲਈ ਕੋਲਡ ਡ੍ਰਿੰਕਸ ਅਤੇ ਹੋਰ ਠੰਢੇ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ।
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਅੱਤ ਦੀ ਗਰਮੀ ਕਾਰਨ ਦਿਨ ਵੇਲੇ ਘਰੋਂ ਨਿਕਲਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਪਾਣੀ ਦੀ ਬੋਤਲ ਤੋਂ ਬਿਨਾਂ ਬਾਹਰ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਦੋਪਹਿਰ ਵੇਲੇ ਸੜਕਾਂ ‘ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਚੁੱਕਾ ਹੈ ਅਤੇ ਲੋਕ ਗਰਮੀ ਤੋਂ ਬਚਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ।
ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਪਹਿਰ ਵੇਲੇ ਤੇਜ਼ ਧੁੱਪ ਵਿੱਚ ਸਿੱਧੇ ਬਾਹਰ ਨਿਕਲਣ ਤੋਂ ਬਚਣ। ਉਨ੍ਹਾਂ ਸਲਾਹ ਦਿੱਤੀ ਕਿ ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਨਾ ਹੋਣ ਦੇਣ ਲਈ ਸਮੇਂ-ਸਮੇਂ ‘ਤੇ ਪਾਣੀ, ਓ.ਆਰ.ਐੱਸ. (ORS) ਘੋਲ, ਲੱਸੀ ਜਾਂ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹਿਣ, ਤਾਂ ਜੋ ਗਰਮੀ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ।



