- ਗਜ਼ਟਿਡ ਛੁੱਟੀ ਵਾਲੇ ਦਿਨ ਅਧਿਆਪਕਾਂ ਨੂੰ ਸੱਦਿਆ ਟ੍ਰੇਨਿੰਗ ਲਈ
- ਜਨਗਣਨਾ ਡਿਊਟੀ ਦੇ ਚੌਦਵੇਂ ਦਿਨ ਸੱਦੇ ਟ੍ਰੇਨਿੰਗ ਦੇਣ ਲਈ ਅਧਿਆਪਕ
ਗਿੱਦੜਬਾਹਾ , 28 ਮਈ 2026 – ਗਿੱਦੜਬਾਹਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅੱਠ ਅਧਿਆਪਕਾਂ ਨੂੰ ਗਜ਼ਟਿਡ ਛੁੱਟੀ ਵਾਲੇ ਦਿਨ ਟ੍ਰੇਨਿੰਗ ਲਈ ਸੱਦ ਕੇ ਜਨਗਣਨਾ ਸ਼ੁਰੂ ਹੋਣ ਦੇ ਚੌਦਵੇਂ ਦਿਨ ਜਨਗਣਨਾ ਟ੍ਰੇਨਿੰਗ ਤੇ ਹਾਜ਼ਰ ਨਾ ਹੋਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਸ ਕਾਰਣ ਦੱਸੋ ਨੋਟਿਸ ਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਪਵਨ ਕੁਮਾਰ, ਪਰਮਾਤਮਾ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਰਵੀ ਕੁਮਾਰ, ਜਸਵੰਤ ਸਿੰਘ, ਸੁਰਿੰਦਰ ਕੁਮਾਰ, ਕੰਵਲਜੀਤ ਸਿੰਘ ਨੇ ਵਿਰੋਧ ਕਰਦਿਆਂ ਕਿਹਾ ਕਿ ਇਸ ਕਾਰਨ ਦੱਸੋ ਨੋਟਿਸ ਰਾਹੀਂ ਗਿੱਦੜਬਾਹਾ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦਾ ਯਤਨ ਕਰ ਰਹੇ ਹਨ। 15 ਮਈ ਤੋਂ ਸ਼ੁਰੂ ਹੋਈ ਜਨਗਣਨਾ ਲਈ 28 ਮਈ ਨੂੰ ਗਜ਼ਟਿਡ ਛੁੱਟੀ ਵਾਲੇ ਦਿਨ ਟ੍ਰੇਨਿੰਗ ਦੇਣ ਲਈ ਸੱਦਣਾ ਸਾਬਤ ਕਰਦਾ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਹਾਲੇ ਤੱਕ ਜਨਗਣਨਾ ਸ਼ੁਰੂ ਨਹੀਂ ਕਰਵਾ ਸਕੇ।

ਆਗੂਆਂ ਨੇ ਇਸ ਪਿੱਛੇ ਅਸਲ ਕਾਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਵੱਲੋਂ ਆਪਣੇ ਚਹੇਤਿਆਂ ਨੂੰ ਵੱਡੇ ਪੱਧਰ ‘ਤੇ ਡਿਊਟੀਆਂ ਤੋਂ ਛੋਟ ਦਿੱਤੀ ਗਈ ਹੈ। ਇਹਨਾਂ ਚਹੇਤਿਆਂ ਵਿੱਚੋਂ ਕਈ ਤਿੰਨ ਦਿਨਾਂ ਟ੍ਰੇਨਿੰਗ ਵੀ ਲੈ ਚੁੱਕੇ ਹਨ ਪਰ ਚਹੇਤੇ ਹੋਣ ਕਾਰਨ ਜਨਗਣਨਾ ਡਿਊਟੀ ਤੋਂ ਛੋਟ ਲੈ ਗਏ ਹਨ, ਨਾ ਹੀ ਹੁਣ ਇਸ ਅਫ਼ਸਰ ਕੋਲ ਰਿਜ਼ਰਵ ਸਟਾਫ਼ ਬਚਿਆ ਹੈ। ਹੁਣ ਡਿਊਟੀ ਦੇ 14 ਦਿਨ ਬੀਤ ਜਾਣ ਉਪਰੰਤ ਨਵੇਂ ਅਧਿਆਪਕਾਂ ਨੂੰ ਜਨਗਣਨਾ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਦਕਿ ਜਨਗਣਨਾ ਡਿਊਟੀ ਮਿਤੀਬੱਧ ਕੰਮ ਹੈ।
ਆਗੂਆਂ ਨੇ ਮੰਗ ਕੀਤੀ ਕਿ ਪਹਿਲਾਂ ਅਜਿਹੇ ਅਧਿਕਾਰੀ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਜੋ ਜਨਗਣਨਾ ਵਰਗੇ ਮਹੱਤਵਪੂਰਨ ਕੰਮ ਨੂੰ ਗੈਰ ਜਰੂਰੀ ਸਮਝਦੇ ਹੋਏ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਦੇ ਰਹੇ ਅਤੇ ਉਨ੍ਹਾਂ ਦੇ ਕਹੇ ਚਹੇਤਿਆਂ ਨੂੰ ਡਿਊਟੀ ਤੋਂ ਛੋਟ ਦਿੰਦੇ ਰਹੇ। ਆਗੂਆਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਅਧਿਕਾਰੀ ਦੁਆਰਾ ਛੋਟ ਦਿੱਤੇ ਗਏ ਅਧਿਆਪਕਾਂ ਨੂੰ ਛੋਟ ਦਿੱਤੇ ਜਾਣ ਦੇ ਕਾਰਣ ਲਿਖਤੀ ਰੂਪ ਵਿੱਚ ਜਾਰੀ ਕਰਨ ਤਾਂ ਜੋ ਸਾਰੀ ਸਥਿਤੀ ਸਪਸ਼ਟ ਹੋ ਸਕੇ।



