ਸੁਖਦੇਵ ਸਿੰਘ ਪਟਵਾਰੀ ਮੋਹਾਲੀ ਦੇ ਅਗਲੇ ਮੇਅਰ ਲਈ ਇੱਕ ਮਜ਼ਬੂਤ ​​ਦਾਅਵੇਦਾਰ

ਪੰਜਾਬ
  • ਮੇਅਰ ਦੀ ਚੋਣ ਲਈ ਸਰਬਜੀਤ ਸਿੰਘ ਅਤੇ ਡਾ. ਸਨੀ ਸਿੰਘ ਆਹਲੂਵਾਲੀਆ ਦੇ ਨਾਮ ਸਾਹਮਣੇ ਆ ਰਹੇ

ਮੋਹਾਲੀ, 30 ਮਈ: ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਸਪਸ਼ਟ ਬਹੁਮਤ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਦਾ ਧਿਆਨ ਮੇਅਰ ਦੇ ਅਹੁਦੇ ਵੱਲ ਕੇਂਦਰਿਤ ਹੋ ਗਿਆ ਹੈ। ਪਾਰਟੀ ਦੇ ਅੰਦਰ ਮੇਅਰ ਅਹੁਦੇ ਲਈ ਕਈ ਨਾਮਾਂ ਦੀ ਚਰਚਾ ਚੱਲ ਰਹੀ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਅਤੇ ਡਾ. ਸਨੀ ਸਿੰਘ ਆਹਲੂਵਾਲੀਆ ਦੇ ਨਾਮ ਸਾਹਮਣੇ ਆ ਰਹੇ ਹਨ।

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਸੀਨੀਅਰਤਾ, ਤਜ਼ਰਬੇ ਅਤੇ ਲੋਕਾਂ ਨਾਲ ਜੁੜਾਅ ਦੇ ਮਾਮਲੇ ਵਿੱਚ ਸੁਖਦੇਵ ਸਿੰਘ ਪਟਵਾਰੀ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ। ਪਟਵਾਰੀ ਚੌਥੀ ਵਾਰ ਨਗਰ ਨਿਗਮ ਦੇ ਮੈਂਬਰ ਚੁਣੇ ਗਏ ਹਨ, ਜੋ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਲੋਕਾਂ ਵਿੱਚ ਮਜ਼ਬੂਤ ਪਕੜ ਨੂੰ ਦਰਸਾਉਂਦਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ਹਿਰ ਦੇ ਵਿਕਾਸ, ਲੋਕ ਮੁੱਦਿਆਂ ਦੀ ਸਮਝ ਅਤੇ ਨਗਰ ਨਿਗਮ ਦੇ ਕੰਮਕਾਜ ਦੇ ਲੰਬੇ ਤਜ਼ਰਬੇ ਕਾਰਨ ਪਟਵਾਰੀ ਮੇਅਰ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਹਨ। ਵਾਰਡ ਨੰਬਰ 34 ਤੋਂ ਉਨ੍ਹਾਂ ਦੀ ਜਿੱਤ ਨੇ ਵੀ ਇਹ ਸੰਕੇਤ ਦਿੱਤਾ ਹੈ ਕਿ ਲੋਕਾਂ ਦਾ ਭਰੋਸਾ ਅੱਜ ਵੀ ਉਨ੍ਹਾਂ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ।

ਸੁਖਦੇਵ ਸਿੰਘ ਪਟਵਾਰੀ ਦਾ ਲੰਬਾ ਸਮਾਂ ਸਮਾਜਿਕ ਅਤੇ ਜਨਤਕ ਜੀਵਨ ਨਾਲ ਜੁੜਿਆ ਰਿਹਾ ਹੈ। ਉਹ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਵੱਖ-ਵੱਖ ਸਮਾਜਿਕ ਅਤੇ ਲੋਕ ਹਿੱਤ ਦੇ ਮੁੱਦਿਆਂ ‘ਤੇ ਹਮੇਸ਼ਾ ਅਗਵਾਈ ਕਰਦੇ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਵਰਗਾਂ ਵਿੱਚ ਵੀ ਉਨ੍ਹਾਂ ਦੀ ਇੱਕ ਸਾਫ਼-ਸੁਥਰੀ ਅਤੇ ਲੋਕਾਂ ਨਾਲ ਜੁੜੇ ਆਗੂ ਵਜੋਂ ਪਛਾਣ ਬਣੀ ਹੋਈ ਹੈ।

ਦੂਜੇ ਪਾਸੇ ਸਰਬਜੀਤ ਸਿੰਘ ਸਮਾਣਾ ਦੂਜੀ ਵਾਰ ਕੌਂਸਲਰ ਬਣੇ ਹਨ ਅਤੇ ਉਹ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਹਨ, ਜਦਕਿ ਡਾ. ਸਨੀ ਸਿੰਘ ਆਹਲੂਵਾਲੀਆ ਪਹਿਲੀ ਵਾਰ ਨਗਰ ਨਿਗਮ ਵਿੱਚ ਚੁਣੇ ਗਏ ਹਨ। ਹਾਲਾਂਕਿ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਣਾ ਹੈ, ਪਰ ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਵੱਡੇ ਵਰਗ ਵਿੱਚ ਇਹ ਚਰਚਾ ਜ਼ਰੂਰ ਹੈ ਕਿ ਤਜ਼ਰਬੇ, ਸੀਨੀਅਰਤਾ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਦੇਖਦੇ ਹੋਏ ਸੁਖਦੇਵ ਸਿੰਘ ਪਟਵਾਰੀ ਮੇਅਰ ਅਹੁਦੇ ਲਈ ਇੱਕ ਮਜ਼ਬੂਤ ਅਤੇ ਕੁਦਰਤੀ ਚੋਣ ਹੋ ਸਕਦੇ ਹਨ।

ਹੁਣ ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ‘ਤੇ ਟਿਕੀਆਂ ਹੋਈਆਂ ਹਨ ਕਿ ਮੋਹਾਲੀ ਨਗਰ ਨਿਗਮ ਦੇ ਪਹਿਲੇ ਨਾਗਰਿਕ ਵਜੋਂ ਕਿਸ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।