ਚੰਡੀਗੜ੍ਹ: ਦੇਸ਼ ਵਿੱਚ NEET ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਵਿਵਾਦ ਨੇ ਹੁਣ ਇੱਕ ਮਾਸੂਮ ਦੀ ਜਾਨ ਲੈ ਲਈ ਹੈ। ਮੱਧ ਪ੍ਰਦੇਸ਼ ਦੇ ਮਊਗੰਜ ਤੋਂ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਡਾਕਟਰ ਬਣਨ ਦਾ ਸੁਪਨਾ ਦੇਖ ਰਹੀ ਇੱਕ ਹੋਨਹਾਰ ਵਿਦਿਆਰਥਣ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਖ਼ੁਦਕੁਸ਼ੀ ਸਿਰਫ਼ ਇੱਕ ਮੌਤ ਨਹੀਂ, ਬਲਕਿ ਟੁੱਟਦੇ ਸੁਪਨਿਆਂ, ਆਰਥਿਕ ਬੋਝ ਅਤੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ‘ਤੇ ਉੱਠਦੇ ਗੰਭੀਰ ਸਵਾਲਾਂ ਦੀ ਇੱਕ ਵੱਡੀ ਤ੍ਰਾਸਦੀ ਹੈ। ਨੀਟ (NEET) ਪ੍ਰੀਖਿਆ ਵਿੱਚ ਸਫ਼ਲਤਾ ਦਾ ਪੂਰਾ ਭਰੋਸਾ ਰੱਖਣ ਵਾਲੀ ਆਕਾਂਕਸ਼ਾ ਚਤੁਰਵੇਦੀ ਪੇਪਰ ਲੀਕ ਦੀ ਖ਼ਬਰ ਤੋਂ ਇੰਨੀ ਟੁੱਟ ਚੁੱਕੀ ਸੀ ਕਿ ਉਸ ਨੇ ਮੌਤ ਨੂੰ ਗਲੇ ਲਗਾ ਲਿਆ।
ਮਊਗੰਜ ਜ਼ਿਲ੍ਹੇ ਦੇ ਪਿੰਡ ਮਗਨੀਆਂ ਦੀ ਰਹਿਣ ਵਾਲੀ ਆਕਾਂਕਸ਼ਾ ਚਤੁਰਵੇਦੀ ਨਾਗਪੁਰ ਵਿੱਚ ਰਹਿ ਕੇ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਪ੍ਰੀਖਿਆ ਦੇਣ ਤੋਂ ਬਾਅਦ ਉਹ ਬਹੁਤ ਖ਼ੁਸ਼ ਸੀ ਅਤੇ ਉਸ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਉਸ ਦੀ ਚੋਣ ਪੱਕੀ ਹੋ ਜਾਵੇਗੀ। ਪਰ ਜਿਵੇਂ ਹੀ ਦੇਸ਼ ਭਰ ਵਿੱਚ ਪੇਪਰ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ, ਉਸ ਦੀਆਂ ਉਮੀਦਾਂ ਬਿਖਰ ਗਈਆਂ।
ਪਰਿਵਾਰ ਮੁਤਾਬਕ ਇਸ ਖ਼ਬਰ ਨੇ ਆਕਾਂਕਸ਼ਾ ਨੂੰ ਗਹਿਰਾ ਸਦਮਾ ਦਿੱਤਾ, ਜਿਸ ਕਾਰਨ ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਅਤੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ। ਮਾਨਸਿਕ ਤਣਾਅ ਵਧਣ ਕਾਰਨ ਅਖ਼ੀਰ 20 ਮਈ 2026 ਨੂੰ ਉਸ ਨੇ ਕਮਰੇ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਆਕਾਂਕਸ਼ਾ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਬੇਹੱਦ ਭਾਵੁਕ ਸੁਸਾਈਡ ਨੋਟ ਛੱਡਿਆ ਹੈ, ਜਿਸ ਵਿੱਚ ਉਸ ਨੇ ਆਪਣੇ ਮਾਪਿਆਂ ਤੋਂ ਮਾਫ਼ੀ ਮੰਗੀ ਹੈ। ਉਸ ਨੇ ਲਿਖਿਆ ਕਿ ਉਸ ਵਿੱਚ ਹੁਣ ਦੁਬਾਰਾ ਪ੍ਰੀਖਿਆ ਦੇਣ ਦੀ ਹਿੰਮਤ ਨਹੀਂ ਬਚੀ ਅਤੇ ਉਹ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਸਿਸਟਮ ਤੋਂ ਟੁੱਟੇ ਭਰੋਸੇ ਅਤੇ ਉਸ ਦੀ ਮਾਨਸਿਕ ਸਥਿਤੀ ਨੂੰ ਸਾਫ਼ ਬਿਆਨ ਕਰਦੇ ਹਨ।
ਮ੍ਰਿਤਕਾ ਦੇ ਪਿਤਾ ਕ੍ਰਿਸ਼ਨ ਕੁਮਾਰ ਚੌਬੇ ਇੱਕ ਗਰੀਬ ਕਿਸਾਨ ਹਨ, ਜੋ ਨਾਗਪੁਰ ਵਿੱਚ ਕੁੱਕ (ਰਸੋਈਏ) ਦਾ ਕੰਮ ਕਰਕੇ ਪਰਿਵਾਰ ਪਾਲਦੇ ਸਨ। ਧੀ ਨੂੰ ਡਾਕਟਰ ਬਣਾਉਣ ਲਈ ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਡ (KCC) ਰਾਹੀਂ ਕਰੀਬ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਰਿਸ਼ਤੇਦਾਰਾਂ ਤੋਂ ਵੀ ਉਧਾਰ ਚੁੱਕਿਆ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਤੱਕ ਗਹਿਣੇ ਰੱਖ ਦਿੱਤੀ ਸੀ।
ਖ਼ੁਦ ਪਿਤਾ ਦੀ ਸਿਹਤ ਵੀ ਖ਼ਰਾਬ ਰਹਿੰਦੀ ਸੀ, ਪਰ ਅਜਿਹੇ ਹਾਲਾਤਾਂ ਵਿੱਚ ਵੀ ਉਨ੍ਹਾਂ ਨੇ ਧੀ ਦੀ ਪੜ੍ਹਾਈ ਰੁਕਣ ਨਹੀਂ ਦਿੱਤੀ, ਪਰ ਇਸ ਭਾਣੇ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਅਤੇ ਵਿਦਿਆਰਥੀ ਜਥੇਬੰਦੀਆਂ (NSUI) ਦੇ ਆਗੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਇਸ ਨੂੰ ਮੌਜੂਦਾ ਪ੍ਰੀਖਿਆ ਪ੍ਰਣਾਲੀ ਦੀ ਨਾਕਾਮੀ ਦੱਸਿਆ।
ਨੇਤਾਵਾਂ ਵੱਲੋਂ ਪਰਿਵਾਰ ਨੂੰ ਕਰੀਬ 3.5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਅਤੇ ਕੇਸੀਸੀ (KCC) ਕਰਜ਼ਾ ਚੁਕਾਉਣ ਦਾ ਭਰੋਸਾ ਵੀ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਨੇ ਵੀ ਫ਼ੋਨ ‘ਤੇ ਗੱਲ ਕਰਕੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਆਕਾਂਕਸ਼ਾ ਦੀ ਮੌਤ ਨੇ ਦੇਸ਼ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਪਾਰਦਰਸ਼ਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੇਪਰ ਲੀਕ ਵਰਗੀਆਂ ਘਟਨਾਵਾਂ ਲੱਖਾਂ ਮਿਹਨਤੀ ਵਿਦਿਆਰਥੀਆਂ ਦੇ ਮਨੋਬਲ ਨੂੰ ਤੋੜ ਦਿੰਦੀਆਂ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਵਿਦਿਆਰਥੀਆਂ ਨੂੰ ਮਾਨਸਿਕ ਕਾਊਂਸਲਿੰਗ ਅਤੇ ਸਹਿਯੋਗ ਦੀ ਸਖ਼ਤ ਲੋੜ ਹੈ, ਤਾਂ ਜੋ ਉਹ ਇਸ ਤਣਾਅਪੂਰਨ ਪ੍ਰਣਾਲੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।



