ਵੱਡੀ ਖ਼ਬਰ: ਕੈਮੀਕਲ ਫੈਕਟਰੀ ‘ਚ ਜ਼ਬਰਦਸਤ ਧਮਾਕਾ!
ਬਰਨਾਲਾ, 10 ਜੂਨ 2026:
ਬਰਨਾਲਾ ਦੇ ਪਿੰਡ ਫ਼ਤਿਹਗੜ੍ਹ ਛੰਨਾ ਸਥਿਤ ਆਈ.ਓ.ਐਲ. (IOL) ਕੈਮੀਕਲ ਫੈਕਟਰੀ ਵਿੱਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਫੈਕਟਰੀ ਦੀ ‘ਯੂਨਿਟ ਨੰਬਰ 9’ ਵਿੱਚ ਇੱਕ ਕੈਮੀਕਲ ਟੈਂਕ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ।
ਫੈਕਟਰੀ ਅਧਿਕਾਰੀ ਬਸੰਤ ਸਿੰਘ ਜਵੰਧਾ ਨੇ ਦੱਸਿਆ ਕਿ ਰਾਤ ਕਰੀਬ 10:00 ਵਜੇ ਜਦੋਂ ਤਿੰਨ ਮਜ਼ਦੂਰ ਆਪਣੀ ਡਿਊਟੀ ‘ਤੇ ਤਾਇਨਾਤ ਸਨ, ਤਾਂ “ਮੋਨੈਕਸੀ” ਦਵਾਈ ਤਿਆਰ ਕਰਨ ਵਾਲੇ ਇੱਕ ਵੱਡੇ ਕੈਮੀਕਲ ਟੈਂਕ ਦਾ ਤਾਪਮਾਨ ਅਚਾਨਕ ਬੇਕਾਬੂ ਹੋ ਗਿਆ। ਖ਼ਤਰੇ ਦੀ ਭਿਣਕ ਪੈਂਦਿਆਂ ਹੀ ਤਿੰਨਾਂ ਮਜ਼ਦੂਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉੱਥੋਂ ਭੱਜ ਕੇ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ। ਉਹ ਟੈਂਕ ਦੇ ਫਟਣ ਤੋਂ ਮਹਿਜ਼ ਕੁਝ ਪਲ ਪਹਿਲਾਂ ਹੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ।
ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ। ਹਾਦਸੇ ਦੇ ਸਹੀ ਤਕਨੀਕੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਜ਼ਦੂਰਾਂ ਦੀ ਸੂਝ-ਬੂਝ ਨੇ ਵੱਡੀ ਤ੍ਰਾਸਦੀ ਰੋਕੀ। ਫੈਕਟਰੀ ਵਿੱਚ ਮੌਜੂਦ ਸੁਰੱਖਿਆ ਉਪਕਰਨਾਂ ਨੇ ਕੰਮ ਕੀਤਾ, ਜਿਸ ਨਾਲ ਵਿੱਤੀ ਨੁਕਸਾਨ ਸੀਮਤ ਰਿਹਾ। ਹਾਦਸੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੀਡੀਆ ਨੂੰ ਫੈਕਟਰੀ ਦੇ ਅੰਦਰੂਨੀ ਹਿੱਸੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਫੈਕਟਰੀ ਪ੍ਰਬੰਧਨ ਵੱਲੋਂ ਹੁਣ ਸੁਰੱਖਿਆ ਪ੍ਰੋਟੋਕੋਲ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾ ਸਕੇ।



