BREAKING- ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਦੇ ਜਿਮ ‘ਤੇ ਅੰਨ੍ਹੇਵਾਹ ਫਾਇਰਿੰਗ!
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਸਲਮਾਨ ਖ਼ਾਨ ਨਾਲ ਜੋੜੇ ਤਾਰ
ਨਵੀਂ ਦਿੱਲੀ:
ਬਾਹਰੀ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਦੀ ਮਲਕੀਅਤ ਵਾਲੇ ’24 HS ਫਿਟਨੈਸ’ ਜਿਮ ਵਿੱਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਇਸ ਖ਼ੌਫਨਾਕ ਵਾਰਦਾਤ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੇ ਕਲਾਕਾਰ ਜਗਤ ਸਮੇਤ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਮਲੇ ਦੌਰਾਨ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਵਾਰਦਾਤ ਦੇ ਕੁਝ ਹੀ ਸਮੇਂ ਬਾਅਦ, ਖ਼ਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਅਨਿਲ ਪੰਡਿਤ (ਅਮਰੀਕਾ) ਨੇ ਇੱਕ ਸੋਸ਼ਲ ਮੀਡੀਆ ਪੋਸਟ ਅਤੇ ਆਡੀਓ ਕਲਿੱਪ ਜਾਰੀ ਕਰਕੇ ਇਸ ਗੋਲੀਬਾਰੀ ਦੀ ਸਿੱਧੀ ਜ਼ਿੰਮੇਵਾਰੀ ਲਈ ਹੈ। ਅਨਿਲ ਪੰਡਿਤ ਨੇ ਆਪਣੀ ਪੋਸਟ ਵਿੱਚ ਲਿਖਿਆ, “ਮੇਰੇ ਸਾਰੇ ਭਰਾਵਾਂ ਨੂੰ ਰਾਮ ਰਾਮ; ਅੱਜ ਗੁਰੂ ਰੰਧਾਵਾ ਦੇ ’24 HS ਫਿਟਨੈਸ ਦਿੱਲੀ’ ਜਿੰਮ ਵਿੱਚ ਹੋਈ ਗੋਲੀਬਾਰੀ ਮੇਰੇ – ਅਨਿਲ ਪੰਡਿਤ (ਅਮਰੀਕਾ) – ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੁਆਰਾ ਕੀਤੀ ਗਈ ਸੀ।”
ਗੈਂਗਸਟਰਾਂ ਵੱਲੋਂ ਇਸ ਹਮਲੇ ਦੇ ਪਿੱਛੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਨਾਂ ਜੋੜਿਆ ਗਿਆ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਇਸ ਲਈ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਿਉਂਕਿ ਪੰਜਾਬੀ ਗਾਇਕ ਗੁਰੂ ਰੰਧਾਵਾ, ਅਦਾਕਾਰ ਸਲਮਾਨ ਖ਼ਾਨ ਦੇ ਬਹੁਤ ਨੇੜੇ ਹੋ ਰਹੇ ਸਨ। ਪੋਸਟ ਵਿੱਚ ਦੇਸ਼ ਵਿਰੋਧੀ ਤਾਕਤਾਂ ਨੂੰ ਚੇਤਾਵਨੀ ਦਿੰਦੇ ਹੋਏ ਅੱਗੇ ਲਿਖਿਆ ਗਿਆ, “ਦੇਸ਼ ਦੇ ਵਿਰੁੱਧ ਸਾਜ਼ਿਸ਼ ਰਚ ਰਹੇ ਉਨ੍ਹਾਂ ਸਾਰੇ ਗੱਦਾਰਾਂ ਨੂੰ: ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕੋ, ਅਸੀਂ ਤੁਹਾਨੂੰ ਉੱਥੇ ਹੀ ਮਾਰ ਦੇਵਾਂਗੇ।” (ਨੋਟ: DESH CLICK ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।)
ਇਸ ਹਾਈ-ਪ੍ਰੋਫਾਈਲ ਮਾਮਲੇ ਤੋਂ ਬਾਅਦ ਦਿੱਲੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਹੈ। ਪੁਲਿਸ ਵੱਲੋਂ ਜਿਮ ਦੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰਕੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਆਡੀਓ ਕਲਿੱਪ ਦੀ ਵੀ ਸਾਈਬਰ ਸੈੱਲ ਰਾਹੀਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਤੱਕ ਪਹੁੰਚਿਆ ਜਾ ਸਕੇ।



