Gas Leak ਹੋਣ ਕਾਰਨ 2 ਮੁਲਾਜ਼ਮਾਂ ਦੀ ਮੌਤ, 3 ਦੀ ਹਾਲਤ ਗੰਭੀਰ

Top Trending News ਰਾਸ਼ਟਰੀ

 

Schaeffler India Gas Leak: MIDC ਦੀ ਜਰਮਨ ਮਲਟੀਨੈਸ਼ਨਲ ਕੰਪਨੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੇ ਰਿਸਾਅ ਕਾਰਨ ਵਾਪਰਿਆ ਭਾਣਾ – ਪ੍ਰਸ਼ਾਸਨ ਨੇ ਕੀਤਾ ਸਾਫ਼- ਹਾਦਸਾ ਸਿਲੰਡਰ ਧਮਾਕੇ ਕਾਰਨ ਨਹੀਂ, ਬਲਕਿ ਗੈਸ ਲੀਕ ਹੋਣ ਕਰਕੇ ਹੋਇਆ।

ਪੁਣੇ, 11 ਜੂਨ 2026-

Schaeffler India Gas Leak: ਮਹਾਰਾਸ਼ਟਰ ਵਿੱਚ ਪੁਣੇ ਦੇ ਮਾਵਲ ਤਾਲੁਕਾ ਸਥਿਤ ਤਲੇਗਾਂਵ MIDC ਦੇ ਨਵਲਾਖ ਉੰਬਰੇ ਇਲਾਕੇ ਵਿੱਚ ਸਥਿਤ ‘ਸ਼ੈਫਲਰ ਇੰਡੀਆ’ (Schaeffler India) ਕੰਪਨੀ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਕਾਰਬਨ ਡਾਈਆਕਸਾਈਡ (CO2) ਗੈਸ ਦੇ ਅਚਾਨਕ ਲੀਕ ਹੋਣ ਕਾਰਨ ਦੋ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਮੁਲਾਜ਼ਮ ਗੈਸ ਦੀ ਲਪੇਟ ਵਿੱਚ ਆਉਣ ਕਰਕੇ ਗੰਭੀਰ ਰੂਪ ਵਿੱਚ ਬਿਮਾਰ ਪੈ ਗਏ ਹਨ।

ਸ਼ੁਰੂਆਤੀ ਜਾਣਕਾਰੀ ਵਿੱਚ ਇਸ ਨੂੰ ਗੈਸ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਸੀ, ਪਰ ਪ੍ਰਸ਼ਾਸਨਿਕ ਜਾਂਚ ਵਿੱਚ ਹੁਣ ਸਾਫ਼ ਹੋ ਗਿਆ ਹੈ ਕਿ ਇਹ ਹਾਦਸਾ ਕੋਈ ਵਿਸਫੋਟ ਨਹੀਂ ਬਲਕਿ ਗੈਸ ਲੀਕ ਹੋਣ ਕਾਰਨ ਵਾਪਰਿਆ ਹੈ। ਇਸ ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਦੋਵੇਂ ਮੁਲਾਜ਼ਮਾਂ ਦੀ ਪਛਾਣ ਗਣੇਸ਼ ਉੰਬਰੇ ਅਤੇ ਵੈਭਵ ਥੋਰਾਨ ਵਜੋਂ ਹੋਈ ਹੈ, ਜਿਨ੍ਹਾਂ ਦੀ ਦਮ ਘੁੱਟਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।

ਉੱਥੇ ਹੀ, ਗੈਸ ਦੇ ਪ੍ਰਭਾਵ ਵਿੱਚ ਆਉਣ ਕਾਰਨ ਸ਼੍ਰੀਕ੍ਰਿਸ਼ਨ ਸਾਹੂ, ਗੌਰੀਸ਼ੰਕਰ ਸ਼ਰਮਾ ਅਤੇ ਨਰਸਿੰਘ ਪਾਟਿਲ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਹਨ। ਤਿੰਨਾਂ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਆਈਸੀਯੂ (ICU) ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਆ ਹੈ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਕੰਪਨੀ ਪ੍ਰਸ਼ਾਸਨ, MIDC ਦੀ ਸੁਰੱਖਿਆ ਟੀਮ, ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਸਬੰਧਿਤ ਵਿਭਾਗਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਪ੍ਰਭਾਵਿਤ ਇਲਾਕੇ ਨੂੰ ਖਾਲੀ ਕਰਵਾਇਆ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਪੂਰੇ ਇਲਾਕੇ ਦੀ ਘੇਰਾਬੰਦੀ (ਸੀਲ) ਕਰ ਦਿੱਤੀ। ਪ੍ਰਸ਼ਾਸਨ ਮੁਤਾਬਕ ਗੈਸ ਲੀਕ ਨੂੰ ਹੁਣ ਪੂਰੀ ਤਰ੍ਹਾਂ ਰੋਕ ਲਿਆ ਗਿਆ ਹੈ ਅਤੇ ਕੰਪਲੈਕਸ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ, ਤਾਂ ਜੋ ਗੈਸ ਲੀਕ ਦਾ ਅਸਰ ਕੰਪਨੀ ਦੇ ਦੂਜੇ ਵਿਭਾਗਾਂ ‘ਤੇ ਨਾ ਪਵੇ।

ਦੱਸਣਯੋਗ ਹੈ ਕਿ ‘ਸ਼ੈਫਲਰ ਇੰਡੀਆ’ ਇੱਕ ਪ੍ਰਮੁੱਖ ਜਰਮਨ ਆਟੋਮੋਟਿਵ ਅਤੇ ਇੰਡਸਟ੍ਰੀਅਲ ਕੰਪੋਨੈਂਟਸ ਬਣਾਉਣ ਵਾਲੀ ਨਾਮਵਰ ਮਲਟੀਨੈਸ਼ਨਲ ਕੰਪਨੀ (MNC) ਹੈ, ਜਿਸ ਦਾ ਭਾਰਤ ਵਿੱਚ ਇਹ ਇੱਕ ਵੱਡਾ ਪਲਾਂਟ ਹੈ। ਫਿਲਹਾਲ ਗੈਸ ਲੀਕ ਕਿਸ ਵਜ੍ਹਾ ਕਰਕੇ ਹੋਇਆ, ਇਸ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਜਾਂ ਫਿਰ ਇਸ ਦੇ ਪਿੱਛੇ ਕੋਈ ਮਨੁੱਖੀ ਲਾਪਰਵਾਹੀ ਸੀ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।