Tensions rise again in the Middle East: ਇਰਾਨ ਨੇ ਹਰਮੁਜ਼ ਜਲ ਮਾਰਗ ਕੀਤਾ ਬੰਦ; ਭਾਰਤ ਆ ਰਹੇ ਕੱਚੇ ਤੇਲ ਦੇ ਟੈਂਕਰਾਂ ‘ਤੇ ਨਜ਼ਰ
Tensions rise again in the Middle East! ਇਰਾਨ, 21 ਜੂਨ 2026 – ਲੈਬਨਾਨ ’ਤੇ ਇਜ਼ਰਾਈਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿੱਚ ਇਰਾਨ ਦੀ ਸਾਂਝੀ ਫ਼ੌਜੀ ਕਮਾਂਡ ਨੇ ਅੱਜ ਇੱਕ ਵੱਡਾ ਕਦਮ ਚੁੱਕਦਿਆਂ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ, ਹਰਮੁਜ਼ ਜਲ ਮਾਰਗ (Strait of Hormuz) ਨੂੰ ਮੁੜ ਬੰਦ ਕਰ ਦਿੱਤਾ ਹੈ।
ਇਰਾਨ ਨੇ ਕਿਹਾ ਕਿ ਇਹ ਫੈਸਲਾ ਲੈਬਨਾਨ ਵਿੱਚ ਇਜ਼ਰਾਈਲੀ ਹਮਲੇ ਜਾਰੀ ਰਹਿਣ, ਅਮਰੀਕਾ ਦੀ ‘ਬਦਨੀਤੀ’ ਅਤੇ ਜੰਗ ਖ਼ਤਮ ਕਰਨ ਦੇ ਵਾਅਦਿਆਂ ਦੀ ਸਪੱਸ਼ਟ ਉਲੰਘਣਾ ਕਾਰਨ ਲਿਆ ਗਿਆ ਹੈ। ਸਰਕਾਰੀ ਟੈਲੀਵਿਜ਼ਨ ‘ਤੇ ਜਾਰੀ ਬਿਆਨ ਵਿੱਚ ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਮਲੇ ਤੁਰੰਤ ਨਾ ਰੁਕੇ, ਤਾਂ ਉਨ੍ਹਾਂ ਵੱਲੋਂ ਅਗਲੇਰੇ ਸਖ਼ਤ ਕਦਮ ਚੁੱਕਣ ਦੀ ਯੋਜਨਾ ਪਹਿਲਾਂ ਹੀ ਤਿਆਰ ਕਰ ਲਈ ਗਈ ਹੈ।
ਇਸ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਇੱਕ ਅੰਤਰਿਮ ਸਮਝੌਤੇ ਤੋਂ ਬਾਅਦ ਇਸ ਜਲ ਮਾਰਗ ਨੂੰ ਖੋਲ੍ਹਿਆ ਗਿਆ ਸੀ, ਜੋ ਹੁਣ ਮੁੜ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਰਾਨ ਅਤੇ ਅਮਰੀਕਾ ਵਿਚਾਲੇ ਸਮਝੌਤੇ ਦੀਆਂ ਸ਼ਰਤਾਂ ’ਤੇ ਤਕਨੀਕੀ ਪੱਧਰ ਦੀ ਗੱਲਬਾਤ ਅੱਜ (ਐਤਵਾਰ) ਸਵਿਟਜ਼ਰਲੈਂਡ ਦੇ ਬਰਜਨਸਟੌਕ ਵਿਖੇ ਹੋਣ ਦੀ ਸੰਭਾਵਨਾ ਹੈ।
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਮੋਹਸਿਨ ਨਕਵੀ ਸ਼ਨਿਚਰਵਾਰ ਨੂੰ ਅਚਾਨਕ ਇਰਾਨ ਪਹੁੰਚੇ ਅਤੇ ਇਰਾਨੀ ਲੀਡਰਸ਼ਿਪ ਨਾਲ ਅਹਿਮ ਮੁਲਾਕਾਤ ਕੀਤੀ। ਇਹ ਵਾਰਤਾ ਪਹਿਲਾਂ ਸ਼ੁੱਕਰਵਾਰ ਨੂੰ ਹੋਣੀ ਸੀ, ਪਰ ਇਜ਼ਰਾਈਲ ਵੱਲੋਂ ਲੈਬਨਾਨ ‘ਤੇ ਕੀਤੇ ਗਏ ਤਾਜ਼ਾ ਹਮਲਿਆਂ ਕਾਰਨ ਇਸ ਨੂੰ ਟਾਲਣਾ ਪਿਆ ਸੀ।
ਭਾਰਤ ‘ਤੇ ਕੀ ਪਵੇਗਾ ਅਸਰ? ਤੇਲ ਟੈਂਕਰ ਰਵਾਨਾ
ਹਰਮੁਜ਼ ਜਲ ਮਾਰਗ ਬੰਦ ਹੋਣ ਨਾਲ ਭਾਰਤ ਸਮੇਤ ਵਿਸ਼ਵ ਭਰ ਵਿੱਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ, ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਵੀ ਸਾਹਮਣੇ ਆਈ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਕੱਚੇ ਤੇਲ ਨਾਲ ਭਰੇ ਤਿੰਨ ਭਾਰਤੀ ਟੈਂਕਰ ‘ਦੇਸ਼ ਵੈਭਵ’, ‘ਦੇਸ਼ ਵਿਭੋਰ’ ਅਤੇ ‘ਸਨਮਾਰ ਹੈਰਲਡ’ ਜਲ ਮਾਰਗ ਬੰਦ ਹੋਣ ਤੋਂ ਪਹਿਲਾਂ ਉੱਥੋਂ ਲੰਘ ਕੇ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਇਹ ਟੈਂਕਰ 24 ਜੂਨ ਤੋਂ 1 ਜੁਲਾਈ ਦਰਮਿਆਨ ਭਾਰਤ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਫਿਲਹਾਲ ਭਾਰਤ ਨੂੰ ਤੁਰੰਤ ਵੱਡੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।



